ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।  ਧੂਰੀ ਦੇ ਲੋਕ ਮਾਨ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ। ਥਾਂ-ਥਾਂ ਲੋਕਾਂ ਨੇ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਿੱਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।


ਬੁੱਧਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਰੁੜਗੜ੍ਹ, ਈਸਾਪੁਰ ਲੰਡਾ, ਫਰਵਾਹੀ, ਕਲੇਰਾਂ, ਚਾਂਗਲੀ, ਕਾਤਰੋਂ, ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖੁਰਦ, ਬਮਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ।  ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਤੱਕ ਸਾਡੀ ਜ਼ਿੰਮੇਵਾਰੀ ਤੁਹਾਡੀ ਹੈ, ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ।


ਮਾਨ ਨੇ ਕਿਹਾ ਕਿ ਸਾਡੀ ਲੜਾਈ ਪਰਿਵਾਰ ਅਤੇ ਕੁਰਸੀ ਬਚਾਉਣ ਦੀ ਨਹੀਂ ਹੈ। ਸਾਡੀ ਲੜਾਈ ਪੰਜਾਬ ਨੂੰ ਬਚਾਉਣ ਦੀ ਹੈ। ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਹੈ। ਕਿਸਾਨਾਂ ਅਤੇ ਖੇਤੀ ਨੂੰ ਬਚਾਉਣ ਦੀ ਹੈ। ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਨੂੰ ਬਚਾਉਣਾ ਦੀ ਹੈ। ਅਸੀਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ। ਰੁਜ਼ਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜ਼ਬੂਰ ਹੋ ਰਹੇ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਯੋਗ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਵਿੱਚੋਂ ਪੈਸੇ ਅਤੇ ਹੁਨਰ ਦੀ ਨਿਕਾਸੀ ਨੂੰ ਰੋਕਾਂਗੇ।



ਕਿਸਾਨਾਂ ਦੇ ਮੁੱਦੇ 'ਤੇ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਮੰਡੀਆਂ ਦੀ ਹਾਲਤ ਖ਼ਰਾਬ ਕਰਕੇ ਬਹੁਤ ਦੁੱਖ ਦਿੱਤਾ ਹੈ। ਦਿਨ-ਰਾਤ ਮਿਹਨਤ ਕਰਕੇ ਅਨਾਜ ਦੀ ਉਪਜ ਕਰਨ ਤੋਂ ਬਾਅਦ ਉਨ੍ਹਾਂ ਦਾ ਅਨਾਜ ਮੰਡੀਆਂ ਵਿੱਚ ਖਰਾਬ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ। ਅਸੀਂ ਕਿਸਾਨਾਂ ਨੂੰ ਕਿਸੇ ਵੀ ਕੀਮਤ 'ਤੇ ਨੁਕਸਾਨ ਨਹੀਂ ਹੋਣ ਦੇਵਾਂਗੇ। ਟਰਾਲੀ ਮੰਡੀ ਦੇ ਅੰਦਰ ਆਉਂਦੇ ਹੀ ਅਨਾਜ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਜੇਕਰ ਝੱਖੜ ਅਤੇ ਬਰਸਾਤ ਕਾਰਨ ਅਨਾਜ ਖ਼ਰਾਬ ਹੋ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਕਿਸਾਨਾਂ ਨੂੰ ਨਹੀਂ ਸਰਕਾਰ ਉਠਾਏਗੀ ਅਤੇ ਮੰਡੀ ਵਿੱਚ ਅਨਾਜ ਪਹੁੰਚਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਫ਼ਸਲ ਦੀ ਪੂਰੀ ਅਦਾਇਗੀ ਕੀਤੀ ਜਾਵੇਗੀ।



ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਪੰਜਾਬ ਦੇ ਲੋਕਾਂ ਦੀ ਕੀ ਸੇਵਾ ਕਰੇਗਾ। ਇਹ ਆਪਣੀ ਮਾਂ ਨੂੰ ਸਤਾਉਣ ਦਾ ਹੀ ਨਤੀਜਾ ਹੈ ਕਿ ਅੱਜ ਸਿੱਧੂ ਦੀ ਰਾਜਨੀਤੀ ਜ਼ੀਰੋ ਹੋ ਗਈ ਹੈ। ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਖਾਲੀ ਦਲ' ਹੈ। ਪ੍ਰਕਾਸ਼ ਸਿੰਘ ਬਾਦਲ ਪਿਛਲੇ ਤਿੰਨ ਵਾਰ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਮੰਗ ਰਹੇ ਹਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਉਹ ਇਸ ਵਾਰ ਵੀ ਲੋਕਾਂ ਨੂੰ ਕਹਿ ਰਹੇ ਹਨ ਕਿ ਸੇਵਾ ਦਾ ਇੱਕ ਮੌਕਾ ਹੋਰ ਦਿਓ। ਅਸਲ ਵਿੱਚ ਉਨ੍ਹਾਂ ਦੀ ਉਮਰ ਹੁਣ ਸੇਵਾ ਕਰਨ ਦੀ ਨਹੀਂ, ਕਰਵਾਉਣ ਦੀ ਹੈ, ਪਰ ਸੱਤਾ ਦੇ ਲਾਲਚ  ਵਿੱਚ ਉਹ 94 ਸਾਲ ਦੀ ਉਮਰ ਵਿੱਚ ਵੀ ਚੋਣ ਲੜ ਰਹੇ ਹਨ।


ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਸੱਤਾ 'ਤੇ ਕੁਝ ਸਿਆਸੀ ਪਰਿਵਾਰਾਂ ਦਾ ਕਬਜ਼ਾ ਹੈ। ਅਸੀਂ ਲੋਕਾਂ ਦੀ ਸੱਤਾ ਨੂੰ ਖਾਸ  ਲੋਕਾਂ ਤੋਂ ਖੋਹ ਕੇ ਆਮ ਲੋਕਾਂ ਤੱਕ ਪਹੁੰਚਾਵਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਾਰੇ ਵਰਗਾਂ ਦੀ ਸਰਕਾਰ ਹੋਵੇਗੀ। ਨੌਜਵਾਨ, ਕਿਸਾਨ, ਵਪਾਰੀ-ਕਾਰੋਬਾਰੀ ਅਤੇ ਮੁਲਾਜ਼ਮਾਂ ਸਮੇਤ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਮਾਨ ਨੇ ਲੋਕਾਂ ਨੂੰ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਤਕਦੀਰ ਬਦਲਣ ਲਈ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਸੰਗਰੂਰ ਦੇ ਸਾਂਸਦ ਹੁੰਦਿਆਂ ਸੰਸਦ ਵਿੱਚ ਹਮੇਸ਼ਾ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ, ਉਸੀ ਤਰ੍ਹਾਂ ਮੁੱਖ ਮੰਤਰੀ ਬਣਨ 'ਤੇ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਲਾਵਾਂਗੇ।