ਚੰਡੀਗੜ੍ਹ: ਦੇਸ਼ ਦੀਆਂ ਕੌਮੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਚੰਦਾ 420 ਕਰੋੜ ਰੁਪਏ ਤੋਂ ਵੱਧ ਘਟ ਗਿਆ ਹੈ ਜੋ ਪਿਛਲੇ ਵਿੱਤੀ ਵਰ੍ਹੇ ਮੁਕਾਬਲੇ 41.49 ਫੀਸਦ ਘੱਟ ਹੈ। ਇੱਕ ਚੋਣ ਸੁਧਾਰ ਸਲਾਹਕਾਰ ਗਰੁੱਪ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।


ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਦੱਸਿਆ ਕਿ ਸਾਲ 2019-20 ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕੁੱਲ 785.77 ਕਰੋੜ ਰੁਪਏ ਦਾ ਚੰਦਾ ਇਕੱਠਾ ਕੀਤਾ ਸੀ ਜੋ ਸਾਲ 2020-21 ’ਚ 39.23 ਫੀਸਦ ਘਟ ਕੇ 477.54 ਕਰੋੜ ਰੁਪਏ ਰਹਿ ਗਿਆ। ਏਡੀਆਰ ਨੇ ਦੱਸਿਆ ਕਿ ਸਾਲ 2019-20 ’ਚ ਪਾਰਟੀ ਦਾ ਚੰਦਾ 2018-19 ਮੁਕਾਬਲੇ 5.88 ਫੀਸਦ ਵਧਿਆ ਸੀ।


ਇਸੇ ਤਰ੍ਹਾਂ ਸਾਲ 2019-20 ਦੌਰਾਨ ਕਾਂਗਰਸ ਨੂੰ 139.016 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਸੀ ਜੋ ਕਿ ਸਾਲ 2020-21 ’ਚ 46.39 ਫੀਸਦ ਘਟ ਕੇ 74.524 ਕਰੋੜ ਰੁਪਏ ਰਹਿ ਗਿਆ। ਸਾਲ 2018-19 ਤੇ 2019-20 ’ਚ ਪਾਰਟੀ ਦਾ ਚੰਦਾ 6.44 ਫੀਸਦ ਘਟਿਆ ਸੀ। ਕੌਮੀ ਪਾਰਟੀਆਂ ਨੂੰ ਸਭ ਤੋਂ ਵੱਧ 246 ਕਰੋੜ ਰੁਪਏ ਦਾ ਚੰਦਾ ਦਿੱਲੀ ਤੋਂ ਪ੍ਰਾਪਤ ਹੋਇਆ ਸੀ ਜਦਕਿ ਉਸ ਤੋਂ ਬਾਅਦ ਮਹਾਰਾਸ਼ਟਰ (71.68 ਕਰੋੜ) ਤੇ ਗੁਜਰਾਤ (47 ਕਰੋੜ) ਦਾ ਸਥਾਨ ਹੈ। ਉਨ੍ਹਾਂ ਦੱਸਿਆ ਕਿ ਪਾਰਟੀਆਂ ਵੱਲੋਂ ਪੂਰੀ ਸੂਚਨਾ ਮੁਹੱਈਆ ਨਾ ਕੀਤੇ ਜਾਣ ਇਹ ਪਤਾ ਨਹੀਂ ਲੱਗ ਸਕਿਆ ਕਿ 37.912 ਕਰੋੜ ਰੁਪਏ ਦਾ ਚੰਦਾ ਕਿਹੜੇ ਸੂਬੇ ਜਾਂ ਯੂਟੀ ਵੱਲੋਂ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਭਾਰਤ ਵਿੱਚ ਭਾਜਪਾ, ਬਸਪਾ, ਕਾਂਗਰਸ, ਸੀਪੀਆਈ, ਸੀਪੀਆਈ (ਐਮ), ਟੀਐਮਸੀ, ਐਨਸੀਪੀ ਤੇ ਨੈਸ਼ਨਲ ਪੀਪਲਜ਼ ਪਾਰਟੀ ਅੱਠ ਮਾਨਤਾ ਪ੍ਰਾਪਤ ਕੌਮੀ ਪਾਰਟੀਆਂ ਹਨ। ਇਨ੍ਹਾਂ ਨੂੰ ਸਾਲ 2020-21 ’ਚ ਕਾਰਪੋਰੇਟ ਤੇ ਕਾਰੋਬਾਰੀ ਸੈਕਟਰ ਤੋਂ 480.655 ਕਰੋੜ ਦਾ ਚੰਦਾ ਹਾਸਲ ਹੋਇਆ ਜਦਕਿ 111.65 ਕਰੋੜ ਦਾ ਚੰਦਾ ਨਿੱਜੀ ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ।