ਕਰਨਾਲ: ਕਰਨਾਲ ਜ਼ਿਲ੍ਹਾ ਪੁਲਿਸ ਨੇ ਤਿੰਨ ਤੋਂ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਤੋਂ ਹਥਿਆਰਾਂ ਤੋਂ ਇਲਾਵਾ ਵੱਡੀ ਮਾਤਰਾ 'ਚ ਗੋਲੀਆਂ ਬਾਰੂਦ ਵੀ ਬਰਾਮਦ ਹੋਇਆ ਹੈ। 1 ਪਿਸਟਲ, 31 ਕਾਰਤੂਸ, 3 IED, ਅਤੇ ਕੁਝ ਵਿਸਫੋਟਕ ਪਦਾਰਥ ਵੀ ਬਰਾਮਦ ਹੋਇਆ ਹੈ ਜਿਸ ਦੀ ਜਾਂਚ ਜਾਰੀ ਹੈ।



ਹਾਸਲ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਪੁਲਿਸ ਨੇ ਵੀਰਵਾਰ ਸਵੇਰੇ ਨੈਸ਼ਨਲ ਹਾਈਵੇਅ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇੱਕ ਇਨੋਵਾ ਕਾਰ ਵਿੱਚ ਹਾਈਵੇਅ ਤੋਂ ਲੰਘ ਰਹੇ ਸਨ। ਇੰਟੈਲੀਜੈਂਸ ਬਿਊਰੋ (ਆਈਬੀ) ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ।


ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਬਸਤਾਰਾ ਟੋਲ ਪਲਾਜ਼ਾ ਨੇੜੇ ਨਾਕਾ ਲਾ ਕੇ ਇਨੋਵਾ ਗੱਡੀ ਨੂੰ ਚੈਕਿੰਗ ਲਈ ਰੋਕ ਲਿਆ। ਗੱਡੀ 'ਚੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।


ਭਗਵੰਤ ਮਾਨ ਸਰਕਾਰ ਨੇ ਕੱਢੀਆਂ 26,454 ਨੌਕਰੀਆਂ, ਇੰਝ ਕਰੋ ਅਪਲਾਈ


ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਇਨੋਵਾ ਸਵਾਰਾਂ ਨੂੰ ਕਾਬੂ ਕਰ ਲਿਆ। ਇਸ ਗੱਲ ਦੀ ਪੁਸ਼ਟੀ ਕਰਨਾਲ ਦੇ ਐਸਪੀ ਗੰਗਾਰਾਮ ਪੂਨੀਆ ਨੇ ਕੀਤੀ। ਪੁਸ਼ਟੀ ਤੋਂ ਇਲਾਵਾ ਪੁਲਿਸ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।


ਸੂਤਰਾਂ ਮੁਤਾਬਕ ਮੁਲਜ਼ਮਾਂ ਨੂੰ ਮਧੂਬਨ ਥਾਣੇ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਆਰਡੀਐਕਸ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਜਾਂਚ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ।


ਪੁਲਿਸ ਨੇ ਇਨੋਵਾ ਗੱਡੀ ਥਾਣੇ ਵਿੱਚ ਖੜ੍ਹੀ ਕਰ ਦਿੱਤੀ ਹੈ। ਕਾਰ ਦੇ ਆਲੇ-ਦੁਆਲੇ ਦੂਰ-ਦੂਰ ਤੱਕ ਕੁਝ ਵੀ ਨਹੀਂ ਹੈ। ਟੀਮਾਂ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਬੰਬ ਨਿਰੋਧਕ ਦਸਤਾ ਵੀ ਪੂਰੀ ਤਰ੍ਹਾਂ ਤਿਆਰ ਹੈ। ਜਵਾਨਾਂ ਵੱਲੋਂ ਇੱਟਾਂ ਨਾਲ ਘੇਰਾਬੰਦੀ ਕੀਤੀ ਜਾ ਰਹੀ ਹੈ।