ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਦਿੱਲੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਕਰੀਬ ਪੰਜਾਹ ਮਿੰਟ ਤੱਕ ਮੁਲਾਕਾਤ ਚੱਲੀ। ਬਿਹਾਰ ਵਿੱਚ ਕਾਂਗਰਸ ਸਮਰਥਿਤ ਮਹਾਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਨਿਤੀਸ਼ ਕੁਮਾਰ ਅਤੇ ਰਾਹੁਲ ਗਾਂਧੀ ਦੀ ਇਹ ਪਹਿਲੀ ਮੁਲਾਕਾਤ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਸੀਐਮ ਨਿਤੀਸ਼ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।


ਬਿਹਾਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਰਾਹੁਲ ਗਾਂਧੀ ਨੇ ਨਿਤੀਸ਼ ਕੁਮਾਰ ਨੂੰ ਫ਼ੋਨ 'ਤੇ ਵਧਾਈ ਦਿੱਤੀ ਸੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਐਤਵਾਰ ਨੂੰ ਹੀ ਰਾਹੁਲ ਗਾਂਧੀ ਨੇ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਨਿਤੀਸ਼ ਕੁਮਾਰ ਵੀ ਇੱਕਜੁੱਟ ਹੋਣ ਦੀ ਵਕਾਲਤ ਕਰ ਰਹੇ ਹਨ। 

 

ਸੀਐਮ ਨਿਤੀਸ਼ ਕੁਮਾਰ ਤਿੰਨ ਦਿਨਾਂ ਦਿੱਲੀ ਦੌਰੇ 'ਤੇ ਆਏ ਹਨ। ਦਿੱਲੀ ਪਹੁੰਚ ਕੇ ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਦਿੱਲੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐਮ ਨਿਤੀਸ਼ ਨੇ ਕਿਹਾ ਕਿ ਮੇਰੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਇਕੱਠੇ ਹੋ ਕੇ ਭਾਜਪਾ ਖ਼ਿਲਾਫ਼ ਲੜੇ, ਵਿਰੋਧੀ ਧਿਰ ਇਕੱਠੀ ਹੋਵੇਗੀ ਤਾਂ ਚੰਗਾ ਹੋਵੇਗਾ।

ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਰਾਬੜੀ ਦੇਵੀ ਮੌਜੂਦ ਸਨ। ਸੀਐਮ ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ ਲੈ ਕੇ ਡਿਪਟੀ ਸੀਐਮ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਅੱਜ ਮੁੱਖ ਮੰਤਰੀ ਦੀ ਦਿੱਲੀ ਫੇਰੀ ਹੈ। ਉਹ ਕਈ ਨੇਤਾਵਾਂ ਨੂੰ ਮਿਲਣਗੇ, ਜੋ ਸਾਡੇ ਮਹਾਗਠਜੋੜ ਦੇ ਭਾਈਵਾਲ ਹਨ। ਨਿਤੀਸ਼ ਕੁਮਾਰ ਨੇ ਸਪੱਸ਼ਟ ਕਿਹਾ ਹੈ ਕਿ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣਾ ਪਵੇਗਾ।

ਇਸ ਦੇ ਨਾਲ ਹੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਨੇ ਸੀਐਮ ਨਿਤੀਸ਼ ਦੇ ਦਿੱਲੀ ਦੌਰੇ 'ਤੇ ਨਿਸ਼ਾਨਾ ਸਾਧਿਆ ਹੈ। ਚਿਰਾਗ ਪਾਸਵਾਨ ਨੇ ਨਾਂ ਲਏ ਬਿਨਾਂ ਟਵੀਟ ਕੀਤਾ ਅਤੇ ਲਿਖਿਆ, ''ਸੁਣਿਆ ਹੈ ਕਿ ਇਕ ਮੁੱਖ ਮੰਤਰੀ ਜੋ ਨੌਕਰੀ ਮੰਗਣ 'ਤੇ ਲਾਠੀਆਂ ਦੀ ਵਰਖਾ ਕਰਦਾ ਹੈ, ਉਹ ਮੁੱਖ ਮੰਤਰੀ ,ਪ੍ਰਧਾਨ ਮੰਤਰੀ ਦੇ ਅਹੁਦੇ ਲਈ 3 ਦਿਨਾਂ ਦੇ ਦਿੱਲੀ ਦੌਰੇ 'ਤੇ ਹੈ। ਬਿਹਾਰ 'ਚ ਵਿਕਾਸ ਕਰਨ ਦੀ ਥਾਂ 'ਤੇ ਵਿਰੋਧੀ ਧਿਰਾਂ ਨੂੰ ਇੱਕਜੁੱਟ ਕਰਨ 'ਚ ਲੱਗੇ ਹੋਏ ਹਨ। ਹਾਲਾਂਕਿ ਜੇਡੀਯੂ ਦੇ ਪੱਖ ਤੋਂ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਸੀਐਮ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਨਹੀਂ ਹਨ।