ਚੰਡੀਗੜ੍ਹ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਬਿਹਾਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਬਿੱਗ ਬੀ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ 51 ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਇਹ ਸਹਾਇਤਾ ਰਾਸ਼ੀ ਆਪਣੇ ਨੁਮਾਇੰਦੇ ਵਿਜੇ ਨਾਥ ਮਿਸ਼ਰ ਰਾਹੀਂ ਭੇਜੀ, ਜੋ ਉਸ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਸੌਂਪ ਦਿੱਤੀ।
ਅਮਿਤਾਭ ਬੱਚਨ ਨੇ ਇਸ ਰਕਮ ਦੇ ਨਾਲ-ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਇਹ ਕੁਦਰਤੀ ਆਫ਼ਤ ਹੈ, ਉਹ ਆਪਣੀ ਤਰਫੋਂ ਮਦਦ ਕਰ ਰਹੇ ਹਨ।
ਦੱਸ ਦਈਏ ਬਿਹਾਰ ਵਿੱਚ ਭਾਰੀ ਬਾਰਸ਼ ਕਾਰਨ ਰਾਜਧਾਨੀ ਪਟਨਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਇੱਕ ਹਫਤੇ ਤੋਂ ਵੱਧ ਸਮੇਂ ਤੋਂ ਪਟਨਾ ਦੇ ਕਈ ਖੇਤਰ ਪਾਣੀ ਨਾਲ ਭਰੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਤਰ ਵਿੱਚ ਅਮਿਤਾਭ ਨੇ ਆਪਣੇ ਹੱਥ ਨਾਲ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਆਪਣੇ ਟੀਵੀ ਸ਼ੋਅ ਕੌਨ ਬਨੇਗਾ ਕਰੋੜਪਤੀ ਵਿੱਚ ਵੀ ਇਸ ਯੋਗਦਾਨ ਨੂੰ ਪ੍ਰਚਾਰ ਰਾਹੀਂ ਅੱਗੇ ਵਧਾਇਆ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਇਸ ਤੋਂ ਪਹਿਲਾਂ ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ਾ ਅਦਾ ਕੀਤਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਰਾਹੀਂ ਦਿੱਤੀ ਸੀ।