CDS Bipin Rawat Death: ਤਾਮਿਲਨਾਡੂ ਦੇ ਊਟੀ 'ਚ ਫੌਜ ਦੇ ਕ੍ਰੈਸ਼ ਹੋਏ ਹੈਲੀਕਾਪਟਰ ਵਿੱਚ ਸੀਡੀਐਸ ਬਿਪਿਨ ਰਾਵਤ ਦੀ ਮੌਤ ਹੋ ਗਈ ਹੈ।ਉਨ੍ਹਾਂ ਦਾ ਸਟਾਫ ਤੇ ਕੁਝ ਪਰਿਵਾਰਕ ਮੈਂਬਰ ਵੀ ਇਸ ਵਿੱਚ ਸਵਾਰ ਸਨ।ਇਸ ਹਾਦਸੇ ਵਿੱਚ ਉਹਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ।ਅਧਿਕਾਰੀਆਂ ਮੁਤਾਬਿਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋਈ ਹੈ।
ਇਹ ਦੇਸ਼ ਲਈ ਵੱਡਾ ਝਟਕਾ ਹੈ।ਜਿਸ ਮਗਰੋਂ ਸਾਰੇ ਪਾਸੇ ਸੋਗ ਦੀ ਲਹਿਰ ਹੈ।ਬਿਪਨ ਰਾਵਤ ਦੀ ਮੌਤ ਮਗਰੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਣੇ ਸਿਆਸੀ ਪਾਰਟੀਆਂ ਦੀ ਲੀਡਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੁੱਖ ਪ੍ਰਗਟਾਉਂਦੇ ਕਿਹਾ, "ਮੈਂ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਜੀ ਦੇ ਬੇਵਕਤੇ ਦੇਹਾਂਤ 'ਤੇ ਸਦਮੇ ਵਿੱਚ ਹਾਂ ਅਤੇ ਦੁਖੀ ਹਾਂ।ਦੇਸ਼ ਨੇ ਆਪਣਾ ਇੱਕ ਬਹਾਦਰ ਪੁੱਤਰ ਗੁਆ ਦਿੱਤਾ ਹੈ। ਮਾਤ ਭੂਮੀ ਲਈ ਉਸ ਦੀ ਚਾਰ ਦਹਾਕਿਆਂ ਦੀ ਨਿਰਸਵਾਰਥ ਸੇਵਾ ਬੇਮਿਸਾਲ ਬਹਾਦਰੀ ਦਰਸਾਉਂਦੀ ਹੈ। ਉਸ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ।"
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਜ਼ਾਹਿਰ ਕੀਤਾ ਹੈ, "ਮੈਂ ਤਾਮਿਲਨਾਡੂ ਵਿੱਚ ਹੋਏ ਹੈਲੀਕਾਪਟਰ ਹਾਦਸੇ ਤੋਂ ਬਹੁਤ ਦੁਖੀ ਹਾਂ ਜਿਸ ਵਿੱਚ ਅਸੀਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ ਹੋਰ ਜਵਾਨਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ।"
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਰਾਸ਼ਟਰ ਲਈ ਇੱਕ ਬਹੁਤ ਹੀ ਦੁਖਦਾਈ ਦਿਨ ਹੈ ਕਿਉਂਕਿ ਅਸੀਂ ਆਪਣੇ ਸੀਡੀਐਸ, ਜਨਰਲ ਬਿਪਿਨ ਰਾਵਤ ਜੀ ਨੂੰ ਇੱਕ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਗੁਆ ਦਿੱਤਾ ਹੈ। ਉਹ ਬਹਾਦਰ ਸਿਪਾਹੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਮਾਤ ਭੂਮੀ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ। ਉਸ ਦੇ ਮਿਸਾਲੀ ਯੋਗਦਾਨ ਅਤੇ ਵਚਨਬੱਧਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਬਹੁਤ ਦੁਖੀ ਹਾਂ।"
ਰੱਖਿਆ ਮੰਤਰੀ ਰਾਜ ਨਾਥ ਸਿੰਘ ਨੇ ਟਵੀਟ ਕਰ ਕਿਹਾ, "ਤਾਮਿਲਨਾਡੂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੇ ਹੈਲੀਕਾਪਟਰ ਹਾਦਸੇ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਬੇਵਕਤੀ ਮੌਤ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।"
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਮੈਂ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੇ ਦੇਹਾਂਤ ਮਗਰੋਂ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਇੱਕ ਦੁਖਾਂਤ ਹੈ ਅਤੇ ਇਸ ਔਖੇ ਸਮੇਂ ਵਿੱਚ ਸਾਡੇ ਵਿਚਾਰ ਉਨ੍ਹਾਂ ਦੇ ਪਰਿਵਾਰ ਨਾਲ ਹਨ। ਆਪਣੀ ਜਾਨ ਗੁਆਉਣ ਵਾਲੇ ਬਾਕੀ ਸਾਰੇ ਲੋਕਾਂ ਨਾਲ ਵੀ ਦਿਲੀ ਹਮਦਰਦੀ। ਭਾਰਤ ਇਸ ਦੁੱਖ ਵਿੱਚ ਇੱਕਮੁੱਠ ਹੈ।"
ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਵੀ ਇਸ ਦੁਖਦ ਹਾਦਸੇ ਤੇ ਟਵੀਟ ਕੀਤਾ ਹੈ, "ਚੀਫ਼ ਆਫ਼ ਡਿਫੈਂਸ ਸਟਾਫ 𝙂𝙚𝙣.𝘽𝙞𝙥𝙞𝙣 𝙍𝙖𝙬𝙖𝙩 ਉਨ੍ਹਾਂ ਦੀ ਪਤਨੀ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਕੁਨੂਰ, ਤਾਮਿਲਨਾਡੂ ਨੇੜੇ ਇੱਕ ਬਹੁਤ ਹੀ ਮੰਦਭਾਗੇ ਅਤੇ ਦੁਖਦਾਈ ਹਾਦਸੇ ਵਿੱਚ ਦੇਹਾਂਤ 'ਤੇ ਮੇਰੀ ਡੂੰਘੀ ਸੰਵੇਦਨਾ।ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਪਰਿਵਾਰ ਨਾਲ ਹਨ।"
ਖਬਰ ਏਜੰਸੀ ਮੁਤਾਬਕ ਤਾਮਿਲਨਾਡੂ ਦੇ ਕੂਨੂਰ 'ਚ ਫੌਜ ਦਾ Mi-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ CDS ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਇਸ ਹੈਲੀਕਾਪਟਰ 'ਚ ਫੌਜ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁੱਲ 14 ਲੋਕ ਸਵਾਰ ਸਨ।
ਹੈਲੀਕਾਪਟਰ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋਇਆ ਅਤੇ ਇੱਕ ਇੱਕ ਕਰਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਬਿਪਿਨ ਰਾਵਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਪਰ ਤਕਰੀਬਨ 80 ਫੀਸਦ ਸੜਨ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫੌਜ ਦਾ ਹੈਲੀਕਾਪਟਰ ਖਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋਇਆ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ। ਭਾਰਤੀ ਹਵਾਈ ਸੈਨਾ ਨੇ ਵੀ ਇਸ ਘਟਨਾ 'ਤੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।