ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਡ੍ਰੈਗਨ ਫਰੂਟ ਦਾ ਨਾਂ ਬਦਲ ਕੇ 'ਕਮਲਮ' ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਪਾਣੀ ਨੇ ਕਿਹਾ ਕਿ ਡ੍ਰੈਗਨ ਫਰੂਟ ਦਾ ਬਾਹਰੀ ਆਕਾਰ ਕਮਲ ਜਿਹਾ ਹੁੰਦਾ ਹੈ। ਇਸ ਲਈ ਇਸ ਦਾ ਨਾਂ ਬਦਲ ਕੇ ਕਮਲਮ ਰੱਖਿਆ ਜਾਵੇਗਾ। ਸੰਸਕ੍ਰਿਤ 'ਚ ਕਮਲਮ ਦਾ ਅਰਥ ਕਮਲ ਹੁੰਦਾ ਹੈ।
ਮੁੱਖ ਮੰਤਰੀ ਰੁਪਾਣੀ ਨੇ ਕਿਹਾ ਚੀਨ ਦੇ ਨਾਲ ਜੁੜੇ ਡ੍ਰੈਗਨ ਫਰੂਟ ਦਾ ਨਾਂ ਅਸੀਂ ਬਦਲ ਦਿੱਤਾ ਹੈ। ਹਾਲ ਹੀ ਦੇ ਸਾਲਾਂ 'ਚ ਇਹ ਫਲ ਤੇਜ਼ੀ ਨਾਲ ਹਰਮਨਪਿਆਰਾ ਹੋਇਆ ਹੈ। ਇਸ ਫਲ 'ਚ ਭਰਪੂਰ ਮਾਤਰਾ 'ਚ ਐਂਟੀ ਔਕਸੀਡੈਂਟਸ, ਵਿਟਾਮਿਨਸ, ਪ੍ਰੋਟੀਨ, ਕੈਲਸ਼ੀਅਮ ਆਦਿ ਪਾਇਆ ਜਾਂਦਾ ਹੈ।
ਮੁੱਖ ਮੰਤਰੀ ਬਾਗਬਾਨੀ ਮਿਸ਼ਨ ਦੀ ਸ਼ੁਰੂਆਤ ਮੌਕੇ ਰੁਪਾਣੀ ਨੇ ਕਿਹਾ, 'ਡ੍ਰੈਗਨ ਫਰੂਟ ਦੇ ਪੇਟੇਂਟ ਨੂੰ 'ਕਮਲਮ' ਨਾਂ ਲਈ ਅਰਜ਼ੀ ਦਿੱਤੀ ਹੈ। ਹੁਣ ਗੁਜਰਾਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਫਲ ਨੂੰ ਕਮਲਮ ਕਿਹਾ ਜਾਵੇਗਾ।'
ਪਿਛਲੇ ਕੁੱਝ ਸਾਲਾਂ ਤੋਂ ਗੁਜਰਾਤ ਦੇ ਕੱਛ ਤੇ ਨਵਸਾਰੀ ਇਲਾਕੇ ਦੇ ਆਸਪਾਸ ਕਿਸਾਨ ਇਸ ਫਸਲ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ਇਲਾਕਿਆਂ 'ਚ ਵੱਡੀ ਮਾਤਰਾ 'ਚ ਡ੍ਰੈਗਨ ਫਰੂਟ ਦਾ ਉਤਪਾਦਨ ਵੀ ਹੋ ਰਿਹਾ ਹੈ।
ਡ੍ਰੈਗਨ ਫਰੂਟ ਦੇ ਨਾਂ ਬਦਲੇ ਜਾਣ ਨੂੰ ਲੈਕੇ ਰੁਪਾਣੀ ਨੇ ਕਿਹਾ, 'ਕਮਲਮ ਸ਼ਬਦ ਤੋਂ ਕਿਸੇ ਨੂੰ ਵੀ ਫਿਕਰਮੰਦ ਨਹੀਂ ਹੋਣਾ ਚਾਹੀਦਾ।' ਦੱਸ ਦੇਈਏ ਕਿ ਬੀਜੇਪੀ ਦਾ ਚੋਣ ਨਿਸ਼ਾਨ ਕਮਲ ਹੈ ਤੇ ਗੁਜਰਾਤ 'ਚ ਬੀਜੇਪੀ ਦਫ਼ਤਰ ਦਾ ਨਾਂ ਸ੍ਰੀ ਕਮਲਮ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ