ਮੇਰਟ: ਉਤਰ ਪ੍ਰਦੇਸ਼ 'ਚ ਭਾਜਪਾ ਨਵੇਂ ਖੇਤੀ ਕਾਨੂੰਨਾਂ ਬਾਰੇ ਆਪਣਾ ਪੱਖ ਪੇਸ਼ ਕਰਨ ਲਈ ਵੱਖ-ਵੱਖ ਥਾਵਾਂ 'ਤੇ ਕਿਸਾਨ ਸੰਮੇਲਨ ਕਰ ਰਹੀ ਹੈ। ਸ਼ੁੱਕਰਵਾਰ ਨੂੰ ਮੇਰਠ ਵਿੱਚ ਵੀ ਇੱਕ ਕਿਸਾਨ ਸੰਮੇਲਨ ਹੋਵੇਗਾ। ਇਸ ਸੰਮੇਲਨ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਸੰਸਦ ਮੈਂਬਰ ਸੰਜੀਵ ਬਾਲਯਾਨ ਤੇ ਯੋਗੀ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ ਸਮੇਤ ਹੋਰ ਵਿਧਾਇਕ ਸਰਕਾਰ ਦੇ ਪੱਖ ਵਿੱਚ ਮੌਜੂਦ ਰਹਿਣਗੇ।


ਹਾਲਾਂਕਿ, ਕਿਸਾਨ ਸੰਮੇਲਨ ਤੋਂ ਪਹਿਲਾਂ ਸਥਾਨਕ ਭਾਜਪਾ ਨੇਤਾ ਦਾ ਬਿਆਨ ਚਰਚਾ ਵਿੱਚ ਹੈ। ਭਾਜਪਾ ਦੇ ਮੇਰਟ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਸਿੰਘਲ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ 'ਚ  ਵਿਦੇਸ਼ੀ ਫੰਡਿੰਗ ਹੋ ਰਹੀ ਹੈ। ਬੀਜੇਪੀ ਨੇਤਾ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਵਿਦੇਸ਼ੀ ਫੰਡਿੰਗ ਦੇ ਜ਼ਰੀਏ ਇਸ ਅੰਦੋਲਨ ਨੂੰ ਵਧਾਇਆ ਜਾ ਰਿਹਾ ਹੈ। ਇਸ ਅੰਦਰ ਪੂਰੀ ਤਰ੍ਹਾਂ ਕਿਸਾਨ ਸ਼ਾਮਲ ਨਹੀਂ ਹਨ, ਬਲਕਿ ਇਸ 'ਚ ਵਿਰੋਧੀ ਧਿਰ ਅਤੇ ਸਰਕਾਰ ਨੂੰ ਬਦਨਾਮ ਕਰਨ ਵਾਲੇ ਕੁਝ ਸਾਜ਼ਿਸ਼ਕਰਤਾ ਸ਼ਾਮਲ ਹਨ।

ਦੱਸ ਦੇਈਏ ਕਿ ਇਸ ਕਾਨਫਰੰਸ ਵਿੱਚ 10 ਜ਼ਿਲ੍ਹਿਆਂ ਦੇ ਕਿਸਾਨ ਹਿੱਸਾ ਲੈਣਗੇ। ਸਰਕਾਰ ਉਨ੍ਹਾਂ ਨੂੰ ਦੱਸੇਗੀ ਕਿ ਕੇਂਦਰ ਸਰਕਾਰ ਜੋ ਕਾਨੂੰਨ ਲੈ ਕੇ ਆਈ ਹੈ ਉਹ ਕਿਸਾਨ ਹਿਤੈਸ਼ੀ ਹੈ ਨਾ ਕਿ ਕਿਸਾਨ ਵਿਰੋਧੀ। ਇੱਥੇ ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਵਿਰੋਧੀ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਨਫਰੰਸ ਵਿੱਚ 10 ਹਜ਼ਾਰ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।