ਅੰਬਾਲਾ: ਕੱਲ੍ਹ ਹਰਿਆਣਾ ਵਿਧਾਨ ਸਭਾ ’ਚ ਅੰਬਾਲਾ ਹਲਕੇ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਨੇ JNU ਦੇ ਮੁੱਦੇ ਨੂੰ ਲੈ ਕੇ ਕਾਂਗਰਸੀਆਂ ਨੂੰ ‘ਦੇਸ਼ ਧ੍ਰੋਹੀ’ ਦੱਸਿਆ ਸੀ। ਉਸ ਤੋਂ ਬਾਅਦ ਕਿਸਾਨਾਂ ਨੂੰ ਲੱਗਾ ਕਿ ਵਿਧਾਇਕ ਨੇ ਕਿਸਾਨਾਂ ਨੂੰ ‘ਗ਼ੱਦਾਰ ਤੇ ਦੇਸ਼ ਧ੍ਰੋਹੀ’ ਕਰਾਰ ਦਿੱਤਾ ਹੈ। ਉਸ ਦਾ ਵਿਰੋਧ ਕਰਨ ਲਈ ਅੱਜ ਵਿਧਾਇਕ ਦੀ ਰਿਹਾਇਸ਼ ਬਾਹਰ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਵਿਧਾਇਕ ਅਸੀਮ ਗੋਇਲ ਦਾ ਪੁਤਲਾ ਫੂਕਿਆ।


ਇੰਝ MLA ਅਸੀਮ ਗੋਇਲ ਦੇ ਬਿਆਨ ਨਾਲ ਨਾ ਸਿਰਫ਼ ਕਾਂਗਰਸੀ ਕੈਂਪ ਵਿੱਚ ਹੰਗਾਮਾ ਖੜ੍ਹਾ ਹੋ ਗਿਆ, ਸਗੋਂ ਕਿਸਾਨਾਂ ਨੇ ਵੀ ਭੁਲੇਖੇ ਨਾਲ ਇਹ ਮੁੱਦਾ ਫੜ ਲਿਆ। ਅਸੀਮ ਗੋਇਲ ਨੇ ਬਾਅਦ ’ਚ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ‘ਦੇਸ਼ ਧ੍ਰੋਹੀ ਤੇ ਗ਼ੱਦਾਰ’ ਜਿਹੇ ਸ਼ਬਦ ਜੇਐਨਯੂ ਦੇ ਮੁੱਦੇ ਉੱਤੇ ਕਾਂਗਰਸੀਆਂ ਨੂੰ ਆਖੇ ਸਨ।


ਕਿਸਾਨਾਂ ਨੇ ਅੱਜ ਸਾਰੇ ਭਾਜਪਾ ਨੇਤਾਵਾਂ ਤੇ ਕਾਰਕੁਨਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਕਿਸੇ ਵੀ ਪਿੰਡ ’ਚ ਵੜਨ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਕਿਤੇ ਕੋਈ ਪ੍ਰੋਗਰਾਮ ਕਰਨ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਸਦਾ ਨੇਤਾ ਉਨ੍ਹਾਂ ਤੋਂ ਵੋਟਾਂ ਮੰਗਣ ਆਉਂਦੇ ਹਨ ਪਰ 70 ਸਾਲਾਂ ਵਿੱਚ ਪਹਿਲੀ ਵਾਰ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਵੋਟ ਮੰਗੇ ਸਨ ਪਰ ਵਿਧਾਇਕ ਨੇ ਵੋਟ ਦੇਣ ਬਦਲੇ ਉਨ੍ਹਾਂ ਨੂੰ ‘ਦੇਸ਼ ਧ੍ਰੋਹੀ ਤੇ ਗ਼ੱਦਾਰ’ ਦੱਸ ਦਿੱਤਾ।


ਵਿਧਾਇਕ ਅਸੀਮ ਗੋਇਲ ਦੀ ਰਿਹਾਇਸ਼ਗਾਹ ਦੇ ਬਾਹਰ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕਾਨੂੰਨ ਤੇ ਵਿਵਸਥਾ ਨੂੰ ਕਾਬੂ ਹੇਠ ਰੱਖਣ ਲਈ ਭਾਰੀ ਪੁਲਿਸ ਬਲ ਵੀ ਤਾਇਨਾਤ ਰਹੇ।