ਫ਼ਿਰੋਜ਼ਾਬਾਦ (ਉੱਤਰ ਪ੍ਰਦੇਸ਼) : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ’ਚ ਤਬਾਹੀ ਮਚਾਈ ਹੋਈ ਹੈ। ਦੇਸ਼ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਨਾ ਹਸਪਤਾਲਾਂ ’ਚ ਖ਼ਾਲੀ ਬਿਸਤਰੇ ਮਿਲ ਰਹੇ ਹਨ ਤੇ ਨਾ ਹੀ ਮਰੀਜ਼ਾਂ ਨੂੰ ਆਕਸੀਜਨ ਮਿਲ ਰਹੀ ਹੈ। ਕਈ ਰਾਜਾਂ ਵਿੱਚ ਹਾਲਾਤ ਇੰਨੇ ਖ਼ਰਾਬ ਹਨ ਕਿ ਨੇਤਾਵਾਂ ਤੇ ਡਾਕਟਰਾਂ ਨੂੰ ਵੀ ਬਿਸਤਰੇ ਨਹੀਂ ਮਿਲ ਸਕ ਰਹੇ। ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਵੀ ਅਜਿਹਾ ਕੁਝ ਵੇਖਣ ਨੂੰ ਮਿਲਿਆ ਹੈ।



 

ਇੱਥੇ ਭਾਜਾਪਾ ਵਿਧਾਇਕ ਆਪਣੀ ਕੋਰੋਨਾ ਪੀੜਤ ਪਤਨੀ ਨੂੰ ਹਸਪਤਾਲ ’ਚ ਬਿਸਤਰਾ ਤੱਕ ਨਹੀਂ ਦਿਵਾ ਸਕੇ। ਵਿਧਾਇਕ ਨੇ ਸੋਸ਼ਲ ਮੀਡੀਆ ਉੱਤੇ ਵਿਡੀਓ ਜਾਰੀ ਕਰ ਕੇ ਸਿਹਤ ਵਿਭਾਗ ਦੇ ਅਫ਼ਸਰਾਂ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਜਸਰਾਨਾ ਤੋਂ ਵਿਧਾਇਕ ਰਾਮਗੋਪਾਲ ਉਰਫ਼ ਪੱਪੂ ਲੋਧੀ ਦੀ ਪਤਨੀ ਸੰਧਿਆ ਲੋਧੀ ਕੋਰੋਨਾ ਤੋਂ ਪੀੜਤ ਹੋ ਗਏ ਸਨ।

 

ਕੋਰੋਨਾ ਦੀ ਲਾਗ ਤੋਂ ਗ੍ਰਸਤ ਹੋਣ ਪਿੱਛੋਂ ਉਨ੍ਹਾਂ ਨੂੰ ਫ਼ਿਰੋਜ਼ਾਬਾਦ ਦੇ ਇੱਕ ਨਿਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪਰ ਜਦੋਂ ਤਬੀਅਤ ਵੱਧ ਖ਼ਰਾਬ ਹੋਣ ਲੱਗੀ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ। ਪਰ ਇੱਥੇ ਉਨ੍ਹਾਂ ਨੂੰ ਕੋਈ ਬੈੱਡ ਹੀ ਨਹੀਂ ਮਿਲਿਆ।

 





ਵਿਧਾਇਕ ਨੇ ਆਪਣੀ ਵਿਡੀਓ ’ਚ ਦੱਸਿਆ ਕਿ ਆਗਰਾ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੀ ਪਤਨੀ ਨੂੰ ਫ਼ਰਸ਼ ’ਤੇ ਲਿਟਾ ਦਿੱਤਾ ਗਿਆ। ਉਹ ਲਗਭਗ 3 ਘੰਟਿਆਂ ਤੱਕ ਜ਼ਮੀਨ ਉੱਤੇ ਹੀ ਪਏ ਰਹੇ। ਪਰ ਉੱਥੋਂ ਦੇ ਡਾਕਟਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਕਾਫ਼ੀ ਦੇਰ ਭਟਕਣ ਤੋਂ ਬਾਅਦ ਕੋਵਿਡ ਵਾਰਡ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ। ਬੈੱਡ ਲਈ ਭਾਜਪਾ ਵਿਧਾਇਕ ਨੇ ਆਗਰਾ ਡੀਐੱਮ ਨੂੰ ਕਈ ਵਾਰ ਫ਼ੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਬੈੱਡ ਮਿਲਿਆ।

 

ਭਾਜਪਾ ਵਿਧਾਇਕ ਨੇ ਕਿਹਾ, ਜਦੋਂ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ, ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਆਮ ਜਨਤਾ ਦੀ ਕੀ ਹਾਲਤ ਹੋਵੇਗੀ? ਉਨ੍ਹਾਂ ਦੱਸਿਆ ਕਿ ਉਹ ਖੁਦ ਇਸ ਵਾਰ ਕੋਰੋਨਾ ਦੀ ਲਾਗ ਤੋਂ ਗ੍ਰਸਤ ਹਨ। ਸਨਿੱਚਰਵਾਰ ਨੂੰ ਮੇਰੀ ਹਸਪਤਾਲ ਤੋਂ ਛੁੱਟੀ ਹੋਈ ਹੈ। ਇਸ ਲਈ ਮੈਂ ਜਨਤਾ ਦੀ ਮਦਦ ਕਰਨ ਲਈ ਨਹੀਂ ਆ ਸਕ ਰਿਹਾ ਹਾਂ। ਪਤਨੀ ਦੀ ਆਗਰਾ ਵਿੱਚ ਕਿਹੋ ਜਿਹੀ ਹਾਲਤ ਹੈ, ਕੋਈ ਪਤਾ ਨਹੀਂ ਚੱਲ ਰਿਹਾ। ਇੱਕ ਵਿਧਾਇਕ ਹੋ ਕੇ ਵੀ ਪਤਨੀ ਬਾਰੇ ਹਾਲਚਾਲ ਨਹੀਂ ਜਾਣ ਪਾ ਰਿਹਾ।