1984 sikh genocide: ਇਸ ਵਾਰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ‘ਬੈਗ ਦੀ ਰਾਜਨੀਤੀ’ ਦੀ ਵੀ ਭਰਪੂਰ ਚਰਚਾ ਹੋਈ। ਇਕ ਪਾਸੇ ਸੱਤਾਧਾਰੀ ਪਾਰਟੀ ਸੰਵਿਧਾਨ ਤੇ ਐਮਰਜੈਂਸੀ 'ਤੇ ਚਰਚਾ 'ਚ ਰੁੱਝੀ ਹੋਈ ਸੀ, ਉਥੇ ਹੀ ਦੂਜੇ ਪਾਸੇ ਪਹਿਲੀ ਵਾਰ ਲੋਕ ਸਭਾ 'ਚ ਪਹੁੰਚੀ ਪ੍ਰਿਅੰਕਾ ਗਾਂਧੀ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਨੂੰ ਹੈਰਾਨ ਕਰ ਰਹੀ ਸੀ।
ਇੱਕ ਦਿਨ ਉਹ ਫਲਸਤੀਨ ਲਿਖਿਆ ਬੈਗ ਲੈ ਕੇ ਸੰਸਦ ਪਹੁੰਚੀ ਅਤੇ ਅਗਲੇ ਦਿਨ ਬੰਗਲਾਦੇਸ਼ ਲਿਖੇ ਬੈਗ ਨਾਲ ਸੰਸਦ ਪਹੁੰਚੀ। ਮਾਹਿਰਾਂ ਨੇ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਲੁਭਾਉਣ ਲਈ ਪ੍ਰਿਅੰਕਾ ਗਾਂਧੀ ਨੇ ਆਪਣੇ ਬੈਗ ਤੋਂ ਵੱਡਾ ਸੰਦੇਸ਼ ਦਿੱਤਾ ਹੈ।
ਇਸ ਸਬੰਧ 'ਚ ਭਾਜਪਾ ਸੰਸਦ ਅਪਰਾਜਿਤਾ ਸਾਰੰਗੀ ਨੇ ਪ੍ਰਿਅੰਕਾ ਗਾਂਧੀ ਨੂੰ 1984 ਲਿਖਿਆ ਬੈਗ ਦਿੱਤਾ। ਬੈਗ ਵਿਚ ਸਾਲ 1984 ਖੂਨ ਨਾਲ ਰੰਗਿਆ ਦਿਖਾਇਆ ਗਿਆ ਹੈ। ਭਾਜਪਾ ਸਾਂਸਦ ਨੇ ਬੈਗ ਦੇ ਕੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਿਅੰਕਾ ਗਾਂਧੀ ਵੀ ਇਹ ਬੈਗ ਲੈ ਕੇ ਗਈ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਪਰਾਜਿਤਾ ਸਾਰੰਗੀ ਨੇ ਕਿਹਾ, ਦੇਸ਼ ਦੀ ਜਨਤਾ ਕਾਂਗਰਸ ਨੂੰ ਵਾਰ-ਵਾਰ ਨਕਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਅਮਿਤ ਸ਼ਾਹ ਦੇ ਭਾਸ਼ਣ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਇਹ ਬੈਗ ਕਾਂਗਰਸ ਦੀਆਂ ਕਰਤੂਤਾਂ ਦੀ ਯਾਦ ਦਿਵਾਉਣ ਲਈ ਦਿੱਤਾ ਗਿਆ ਹੈ। ਇਸ ਵਿੱਚ ਖ਼ੂਨ ਦੇ ਛਿੱਟੇ ਵੀ ਹਨ।
ਦੱਸ ਦੇਈਏ ਕਿ 10 ਦਸੰਬਰ ਨੂੰ ਵੀ ਪ੍ਰਿਅੰਕਾ ਗਾਂਧੀ ਇੱਕ ਬੈਗ ਲੈ ਕੇ ਪਹੁੰਚੀ ਸੀ, ਜਿਸ 'ਤੇ ਮੋਦੀ-ਅਡਾਨੀ ਭਾਈ-ਭਾਈ ਲਿਖਿਆ ਹੋਇਆ ਸੀ। ਇੱਕ ਪਾਸੇ ਮੋਦੀ ਦੀ ਤਸਵੀਰ ਛਪੀ ਸੀ ਤੇ ਦੂਜੇ ਪਾਸੇ ਗੌਤਮ ਅਡਾਨੀ ਦੀ ਤਸਵੀਰ ਛਪੀ ਸੀ।
ਦੱਸ ਦੇਈਏ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਆਖਰੀ ਦਿਨ ਸੀ। ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਹੋ ਚੁੱਕੀ ਹੈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।