Lok Sabha Election Result 2024: ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਨੂੰ ਲੈ ਕੇ ਜੋੜ-ਤੋੜ ਦੀਆਂ ਖਬਰਾਂ ਦਾ ਬਾਜ਼ਾਰ ਗਰਮ ਹੈ। 2014 ਤੋਂ ਬਾਅਦ ਪਹਿਲੀ ਵਾਰ ਭਾਜਪਾ 272 ਦੇ ਜਾਦੂਈ ਅੰਕੜੇ ਨੂੰ ਪਾਰ ਨਹੀਂ ਕਰ ਸਕੀ। ਅਜਿਹੇ 'ਚ ਇਸ ਵਾਰ ਭਾਜਪਾ ਨੂੰ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) 'ਚ ਸ਼ਾਮਲ ਹੋਰ ਪਾਰਟੀਆਂ 'ਤੇ ਨਿਰਭਰ ਰਹਿਣਾ ਪਵੇਗਾ। ਇਸ ਦੌਰਾਨ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਕੇਂਦਰ ਵਿੱਚ ਵਿਰੋਧੀ ਗਠਜੋੜ 'ਇੰਡੀਆ' ਦੀ ਸਰਕਾਰ ਇੱਕ ਫਾਰਮੂਲੇ ਨਾਲ ਬਣਾਈ ਜਾ ਸਕਦੀ ਹੈ।




ਸੂਤਰਾਂ ਨੇ ਕਿਹਾ ਕਿ ਜੇਕਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਚਿਰਾਗ ਪਾਸਵਾਨ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਸੰਸਥਾਪਕ ਜੀਤਨ ਰਾਮ ਮਾਂਝੀ ਇੰਡੀਆ ਗਠਜੋੜ 'ਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ 4 ਤੇ ਅਜੀਤ ਪਵਾਰ ਦੀ ਐਨਸੀਪੀ ਦਾ ਇੱਕ ਸੰਸਦ ਮੈਂਬਰ ਵੀ ਗਠਜੋੜ 'ਇੰਡੀਆ' ਦਾ ਸਮਰਥਨ ਕਰ ਸਕਦੇ ਹਨ। 


ਇਸ ਤੋਂ ਇਲਾਵਾ ਵਿਰੋਧੀ ਗਠਜੋੜ 'ਇੰਡੀਆ' ਬਿਹਾਰ ਦੇ ਪੂਰਨੀਆ ਸੰਸਦੀ ਹਲਕੇ ਤੋਂ ਜਿੱਤੇ ਪੱਪੂ ਯਾਦਵ, ਸਾਂਗਲੀ ਤੋਂ ਜੇਤੂ ਰਹੇ ਵਿਸ਼ਾਲ ਪਾਟਿਲ, ਲੱਦਾਖ ਤੋਂ ਜਿੱਤੇ ਮੁਹੰਮਦ ਹਨੀਫਾ ਤੇ ਦਮਨ ਤੇ ਦੀਵ ਤੋਂ ਜਿੱਤੇ ਪਟੇਲ ਉਮੇਸ਼ਭਾਈ ਬਾਬੂਭਾਈ ਨੂੰ ਵੀ ਨਾਲ ਲਿਆ ਸਕਦਾ ਹੈ।


ਗਣਿਤ ਕੀ ਹੈ?


ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਤੋਂ 12 ਸੰਸਦ ਮੈਂਬਰ, ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 5 ਸੰਸਦ ਮੈਂਬਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤੋਂ 4 ਸੰਸਦ ਮੈਂਬਰ ਤੇ ਅਜੀਤ ਪਵਾਰ ਦੀ ਐਨਸੀਪੀ ਤੋਂ ਇੱਕ ਸੰਸਦ ਮੈਂਬਰ, ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਤੇ 4 ਆਜ਼ਾਦ ਸੰਸਦ ਮੈਂਬਰਾਂ ਯਾਨੀ ਕੁੱਲ 27 ਸੰਸਦ ਮੈਂਬਰਾਂ ਦੇ ਇਕੱਠੇ ਹੋਣ ਨਾਲ ਗਠਜੋੜ 'ਇੰਡੀਆ' ਬਹੁਮਤ ਦੇ ਨੇੜੇ ਆ ਸਕਦਾ ਹੈ।


ਕੁੱਲ ਮਿਲਾ ਕੇ ਇਨ੍ਹਾਂ 27 ਸੰਸਦ ਮੈਂਬਰਾਂ ਦੇ ਨਾਲ-ਨਾਲ ਗਠਜੋੜ 'ਇੰਡੀਆ' ਦੇ 234 ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਅੰਕੜਾ 261 ਤੱਕ ਪਹੁੰਚ ਜਾਂਦਾ ਹੈ। ਇਸ ਦੇ ਨਾਲ ਹੀ ਵਾਈਐਸ ਜਗਨ ਮੋਹਨ ਰੈਡੀ ਦੀ ਵਾਈਐਸਆਰ ਕਾਂਗਰਸ ਪਾਰਟੀ (4 ਸੰਸਦ ਮੈਂਬਰ) ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਦੇ ਬਾਹਰੀ ਸਮਰਥਨ ਨਾਲ ਇਹ ਅੰਕੜਾ 266 ਹੋ ਜਾਵੇਗਾ।


ਕਿਸ ਦੀ ਤਬਦੀਲੀ ਨਾਲ ਸਰਕਾਰ ਬਣ ਸਕਦੀ?



ਵਿਰੋਧੀ ਗਠਜੋੜ 'ਇੰਡੀਆ' ਨੂੰ ਉਮੀਦ ਹੈ ਕਿ ਅੰਤ 'ਚ ਚੰਦਰਬਾਬੂ ਨਾਇਡੂ ਵੀ ਵਿਸ਼ੇਸ਼ ਦਰਜੇ ਦੇ ਨਾਂ 'ਤੇ ਪੱਖ ਬਦਲ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ 266 ਸੰਸਦ ਮੈਂਬਰਾਂ ਤੇ ਟੀਡੀਪੀ ਦੇ 16 ਸੰਸਦ ਮੈਂਬਰਾਂ ਦੇ ਆਉਣ ਨਾਲ ਬਹੁਮਤ ਦਾ ਜਾਦੂਈ ਅੰਕੜਾ 272 ਨੂੰ ਪਾਰ ਕਰ ਜਾਵੇਗਾ।