ਫਿਰੋਜ਼ਪੁਰ: ਪੰਜਾਬ ਦੀ ਫਿਰੋਜ਼ਪੁਰ ਸਰਹੱਦ 'ਤੇ ਹੁਸੈਨੀਵਾਲਾ ਵਿੱਚ ਬੀਤੀ ਰਾਤ ਪਾਕਿਸਤਾਨ ਦਾ ਡ੍ਰੋਨ ਵੇਖਿਆ ਗਿਆ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਅਨੁਸਾਰ, ਡ੍ਰੋਨ ਲਗਪਗ ਇੱਕ ਕਿਲੋਮੀਟਰ ਤੱਕ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਤੇ ਫਿਰ ਪਾਕਿਸਤਾਨ ਵਾਪਸ ਮੁੜ ਗਿਆ। ਬੀਐਸਐਫ ਨੇ ਫਿਰੋਜ਼ਪੁਰ ਪੁਲਿਸ ਨੂੰ ਡਰੋਨ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ ਹੈ।


ਪਾਕਿਸਤਾਨ ਸਰਹੱਦੀ ਇਲਾਕਿਆਂ ਵਿੱਚ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਲਈ ਡ੍ਰੋਨ ਦੀ ਵਰਤੋਂ ਕਰ ਰਿਹਾ ਹੈ। ਹਾਲ ਹੀ ਵਿੱਚ, ਪਾਕਿਸਤਾਨ ਨੇ ਕਈ ਵਾਰ ਅਜਿਹਾ ਕੀਤਾ ਹੈ। ਸਤੰਬਰ ਦੇ ਅਖੀਰਲੇ ਦਿਨਾਂ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ ਪਾਕਿਸਤਾਨੀ ਡ੍ਰੋਨ ਤੇ ਹਥਿਆਰ ਫੜੇ ਗਏ ਸਨ।


ਅੰਮ੍ਰਿਤਸਰ ਵਿੱਚ ਡੀਐਸਪੀ ਕਾਊਂਟਰ ਇੰਟੈਲੀਜੈਂਸ ਬਲਬੀਰ ਸਿੰਘ ਨੇ 22 ਸਤੰਬਰ ਨੂੰ ਕਿਹਾ ਸੀ ਕਿ ਚਾਰ ਨੌਜਵਾਨ ਗ੍ਰਿਫਤਾਰ ਕੀਤੇ ਗਏ ਸਨ। ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 2 ਪਾਕਿਸਤਾਨੀ ਡ੍ਰੋਨ ਕ੍ਰੈਸ਼ ਹੋਏ, ਡ੍ਰੋਨ ਦੇ ਕੁਝ ਹਿੱਸੇ ਬਰਾਮਦ ਵੀ ਕੀਤੇ ਗਏ।