ਨਵੀਂ ਦਿੱਲੀ: ਮਹਾਰਾਸ਼ਟਰ ’ਚ ਇਨ੍ਹੀਂ ਦਿਨੀ ‘ਰਾਸ਼ਟਰਵਾਦੀ ਕਾਂਗਰਸ ਪਾਰਟੀ’ (NCP) ਸੰਕਟ ਦੇ ਦੌਰ ’ਚੋਂ ਲੰਘ ਰਹੀ ਹੈ। NIA ਇਸ ਵੇਲੇ ਐਂਟੀਲੀਆ ਤੇ ਸਚਿਨ ਵਾਜ਼ੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉੱਤੇ ਗੰਭੀਰ ਦੋਸ਼ ਲਾਏ ਹਨ। ਇਸੇ ਦੌਰਾਨ ਇਹ ਖ਼ਬਰ ਆਈ ਹੈ ਕਿ ਐਨਸੀਪੀ ਦੇ ਦੋ ਪ੍ਰਮੁੱਖ ਆਗੂਆਂ ਸ਼ਰਦ ਪਵਾਰ ਤੇ ਪ੍ਰਫ਼ੁੱਲ ਪਟੇਲ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਮੁਲਾਕਾਤ ਹੋਈ ਹੈ।



 

ਅਜਿਹੇ ਹਾਲਾਤ ਵਿੱਚ ਮਹਾਰਾਸ਼ਟਰ ਦੀ ਰਾਜਨੀਤੀ ’ਚ ਚੱਲ ਰਹੇ ਘਮਸਾਨ ਦੌਰਾਨ ਇਸ ਮੁਲਾਕਾਤ ਨੇ ਇੱਥੋਂ ਦੀ ਰਾਜਨੀਤੀ ਵਿੱਚ ਨਵੀਂ ਘੁਸਰ-ਮੁਸਰ ਸ਼ੁਰੂ ਕਰ ਦਿੱਤੀ ਹੈ। ਉਂਝ ਹਾਲੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਦੋਂ ਇਸ ਮੁਲਾਕਾਤ ਬਾਰੇ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਮੁਸਕਰਾਉਂਦਿਆਂ ਜਵਾਬ ਦਿੱਤਾ ਕਿ ਸਭ ਕੁਝ ਜੱਗ ਜ਼ਾਹਿਰ ਨਹੀਂ ਕੀਤਾ ਜਾ ਸਕਦਾ।

 

ਅਮਿਤ ਸ਼ਾਹ ਨੇ ਇਸ ਮੁਲਾਕਾਤ ਦੀ ਖ਼ਬਰ ਤੋਂ ਇਨਕਾਰ ਨਹੀਂ ਕੀਤਾ। ਤਦ ਸੂਤਰਾਂ ਦੀ ਇਸ ਖ਼ਬਰ ਨੂੰ ਹੋਰ ਬਲ ਮਿਲਿਆ ਹੈ। ਖ਼ਬਰਾਂ ਮੁਤਾਬਕ ਅਹਿਮਦਾਬਾਦ ’ਚ ਹੋਈ ਇਸ ਮੁਲਾਕਾਤ ਦੇ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ। ਉੱਧਰ ਐੱਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ।

 

ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਮਹਾਰਾਸ਼ਟਰ ਦੀ ਸਿਆਸਤ ਹੁਣ ਕੋਈ ਨਵਾਂ ਮੋੜ ਲੈ ਸਕਦੀ ਹੈ। ਮਹਾਰਾਸ਼ਟਰ ਏਟੀਐੱਸ ਨੇ ਗੁਜਰਾਤ ਦੇ ਪਾਟਣ ਤੋਂ ਕਿਸ਼ੋਰ ਠੱਕਰ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਦਮਨ ਦੇ ਇੱਕ ਵਪਾਰੀ ਦੀ ਵੌਲਵੋ ਕਾਰ ਬਰਾਮਦ ਕੀਤੀ ਸੀ, ਜਿਸ ਦੀ ਵਰਤੋਂ ਅਕਸਰ ਸਚਿਨ ਵਾਜ਼ੇ ਕਰਦਾ ਸੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ