ਨਵੀਂ ਦਿੱਲੀ: ਵਡੋਦਰਾ ਦੇ ਸਾਈਬਰ ਕਰਾਈਮ ਸੈੱਲ ਸਿਟੀ ਪੁਲਿਸ ਨੇ ਕਾਲ ਸੈਂਟਰ ਦੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਾਜ਼ਮ ਨੇ ਗਾਹਕ ਨੂੰ ਮੋਬਾਈਲ ਫੋਨ ਦਾ ਜਗ੍ਹਾ ਇੱਟ ਡਿਲੀਵਰ ਕਰ ਦਿੱਤੀ। ਗਾਹਕ ਨੇ ਮੁਲਾਜ਼ਮ ’ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ।

ਕਸ਼ਿਤਿਜ ਚੌਧਰੀ ਨੇ ਕੁਝ ਹਫਤੇ ਪਹਿਲਾਂ ਆਨਲਾਈਨ ਵੈੱਬਸਾਈਟ ਤੋਂ ਮੋਬਾਈਲ ਫੋਨ ਆਰਡਰ ਕੀਤਾ ਸੀ। ਆਰਡਰ ਪਲੇਸ ਕਰਨ ਤੋਂ ਬਾਅਦ ਉਸ ਨੇ ਆਰਡਰ ਕੈਂਸਲ ਕਰ ਦਿੱਤਾ ਸੀ। ਪਰ ਇੱਕ ਦਿਨ ਬਾਅਦ ਮੁਲਜ਼ਮ ਹਰਮਿਤ ਮੀਰਚੰਦਾਨੀ ਉਸ ਦੇ ਘਰ ਪਾਰਸਲ ਲੈ ਕੇ ਪੁੱਜ ਗਿਆ।

ਜਦੋਂ ਚੌਧਰੀ ਨੇ ਮੁਲਜ਼ਮ ਨੂੰ ਕਿਹਾ ਕਿ ਇਸ ਨੇ ਆਰਡਰ ਰੱਦ ਕਰ ਦਿੱਤਾ ਸੀ ਤਾਂ ਹਰਮਿਤ ਨੇ ਕਿਹਾ ਕਿ ਆਰਡਰ ਪਲੇਸ ਹੋ ਚੁੱਕਾ ਹੈ ਤੇ ਉਸ ਨੂੰ ਲੈਣਾ ਹੀ ਪਏਗਾ। ਇਸ ਪਿੱਛੋਂ ਚੌਧਰੀ ਨੇ ਹਰਮਿਤ ਨੂੰ 10 ਹਜ਼ਾਰ ਰੁਪਏ ਦਿੱਤੇ ਤੇ ਮੁਲਜ਼ਮ ਹਰਮਿਤ ਉੱਥੋਂ ਚਲਾ ਗਿਆ। ਜਦੋਂ ਚੌਧਰੀ ਨੇ ਮੋਬਾਈਲ ਦਾ ਡੱਬਾ ਖੋਲ੍ਹਿਆ ਤਾਂ ਉਸ ਨੂੰ ਡੱਬੇ ਵਿੱਚੋਂ ਮੋਬਾਈਲ ਫੋਨ ਦੀ ਜਗ੍ਹਾ ਇੱਟ ਰੱਖੀ ਹੋਈ ਮਿਲੀ।

ਇਸ ਮਗਰੋਂ ਚੌਧਰੀ ਨੇ ਆਨਲਾਈਨ ਰਿਟੇਲਰ ਨੂੰ ਫੋਨ ਕੀਤਾ ਤੇ ਸਾਈਕਰਾਈਮ ਸੈੱਲ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਕਾਰਵਾਈ ਕਰਦਿਆਂ ਪਤਾ ਕੀਤਾ ਕੇ ਮੁਲਜ਼ਮ ਕਾਲ ਸੈਂਟਰ ਵਿੱਚ ਕੰਮ ਕਰਦਾ ਹੈ, ਜਿੱਥੇ ਚੌਧਰੀ ਨੇ ਆਪਣਾ ਆਰਡਰ ਕੈਂਸਲ ਕੀਤਾ ਹੋਇਆ ਦੇਖਿਆ। ਕੁਝ ਪੈਸੇ ਕਮਾਉਣ ਦਾ ਚੱਕਰ ਵਿੱਚ ਮੁਲਜ਼ਮ ਨੇ ਉਸ ਨੂੰ ਡੱਬੇ ਵਿੱਚ ਇੱਟ ਰੱਖ ਕੇ ਉਸ ਦੇ ਘਰ ਭੇਜ ਦਿੱਤੀ ਸੀ।