Delhi Metro Rules: ਰਾਜਧਾਨੀ ਦਿੱਲੀ 'ਚ ਚੱਲ ਰਹੀ ਮੈਟਰੋ ਹੁਣ ਇਸ ਸ਼ਹਿਰ ਦੀ ਲਾਈਫ਼ਲਾਈਨ ਬਣ ਚੁੱਕੀ ਹੈ। ਹੁਣ ਇਸ ਤੋਂ ਬਗੈਰ ਦਿੱਲੀ 'ਚ ਸਫ਼ਰ ਕਰਨਾ ਬਹੁਤ ਮੁਸ਼ਕਲ ਭਰਿਆ ਹੋਵੇਗਾ। ਜੇਕਰ ਤੁਸੀਂ ਵੀ ਦਿੱਲੀ ਮੈਟਰੋ 'ਚ ਸਫ਼ਰ ਕਰਨ ਜਾ ਰਹੇ ਹੋ ਤਾਂ ਪਹਿਲਾਂ ਤੁਹਾਨੂੰ ਇਸ ਨਾਲ ਜੁੜੇ ਕੁਝ ਜ਼ਰੂਰੀ ਨਿਯਮਾਂ ਬਾਰੇ ਜਾਣ ਲੈਣਾ ਚਾਹੀਦਾ ਹੈ, ਨਹੀਂ ਤਾਂ ਬਾਅਦ 'ਚ ਸਮੱਸਿਆ ਹੋ ਸਕਦੀ ਹੈ, ਕਿਉਂਕਿ DMRC ਨਿਯਮਾਂ ਨੂੰ ਲੈ ਕੇ ਬਹੁਤ ਸਖ਼ਤ ਹੈ। ਮੈਟਰੋ 'ਚ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਮੈਟਰੋ ਦੇ ਅੰਦਰ ਕਿਹੜੀਆਂ ਚੀਜ਼ਾਂ ਲੈ ਸਕਦੇ ਹੋ ਜਾਂ ਕਿਹੜੀਆਂ ਚੀਜ਼ਾਂ 'ਤੇ ਪਾਬੰਦੀ ਹੈ? ਨਿਯਮਾਂ ਦੀ ਉਲੰਘਣਾ ਕਰਨ 'ਤੇ ਤੁਹਾਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ।
ਕੀ ਮੈਟਰੋ 'ਚ ਸ਼ਰਾਬ ਲਿਜਾ ਸਕਦੇ ਹੋ?
ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ 'ਚ ਆਉਂਦਾ ਹੈ ਅਤੇ ਜਵਾਬ 'ਨਹੀਂ' ਹੈ। ਮੈਟਰੋ 'ਚ ਸ਼ਰਾਬ ਨਾਲ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਸੁਰੱਖਿਆ ਕਰਮੀਆਂ ਨੂੰ ਤੁਹਾਡੇ ਨਾਲ ਸ਼ਰਾਬ ਮਿਲਦੀ ਹੈ ਤਾਂ ਤੁਹਾਨੂੰ ਮੈਟਰੋ 'ਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੀ ਪਾਲਤੂ ਜਾਨਵਰ ਲਿਜਾ ਸਕਦੇ ਹਾਂ?
ਕੁੱਤਾ, ਬਿੱਲੀ ਆਦਿ ਪਾਲਤੂ ਜਾਨਵਰਾਂ ਨੂੰ ਮੈਟਰੋ 'ਚ ਨਹੀਂ ਲਿਜਾਇਆ ਜਾ ਸਕਦਾ। ਪਾਲਤੂ ਜਾਨਵਰ ਜਾਂ ਪੰਛੀ ਦੇ ਨਾਲ ਯਾਤਰਾ ਕਰਨ ਲਈ ਤੁਸੀਂ ਮੈਟਰੋ ਦੀ ਬਜਾਏ ਕੈਬ ਲੈ ਸਕਦੇ ਹੋ।
ਕੀ ਸਾਈਕਲ ਲਿਜਾ ਸਕਦੇ ਹਾਂ?
ਹਾਲਾਂਕਿ ਮੈਟਰੋ 'ਚ ਸਾਈਕਲ ਵਰਗਾ ਸਾਮਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਛੋਟੇ ਬੱਚੇ ਦੀ ਸਾਈਕਲ, ਜਿਸ ਦਾ ਭਾਰ ਬਹੁਤ ਘੱਟ ਹੈ, ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਲਿਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਮੈਟਰੋ ਸਟੇਸ਼ਨਾਂ 'ਤੇ ਸਾਈਕਲ ਪਾਰਕ ਕਰਨ ਲਈ ਪਾਰਕਿੰਗ ਦਾ ਵੀ ਪ੍ਰਬੰਧ ਹੈ।
ਰੀਲਸ ਬਣਾਉਣ ਵਾਲਿਆਂ ਲਈ ਹਨ ਇਹ ਨਿਯਮ
ਬਹੁਤ ਸਾਰੇ ਲੋਕ ਮੈਟਰੋ 'ਚ ਰੀਲਾਂ ਜਾਂ ਛੋਟੇ ਵੀਡੀਓ ਵੀ ਬਣਾਉਂਦੇ ਹਨ। ਪਰ ਮੈਟਰੋ 'ਚ ਵੀਡੀਓ ਬਣਾਉਣ ਅਤੇ ਫ਼ੋਟੋਗ੍ਰਾਫ਼ੀ 'ਤੇ ਪਾਬੰਦੀ ਹੈ। ਅਜਿਹਾ ਕਰਦੇ ਹੋਏ ਫੜੇ ਜਾਣ 'ਤੇ ਜੁਰਮਾਨਾ ਹੋ ਸਕਦਾ ਹੈ। ਇਹ ਜਾਣਕਾਰੀ ਦਿੱਲੀ ਮੈਟਰੋ ਨੇ ਇੱਕ ਵਾਰ ਟਵੀਟ ਕਰਕੇ ਵੀ ਦਿੱਤੀ ਸੀ।
ਇੰਨਾ ਭਾਰੀ ਸਮਾਨ ਲਿਜਾ ਜਾ ਸਕਦੇ ਹਾਂ
ਦਿੱਲੀ ਮੈਟਰੋ ਦੇ ਅਨੁਸਾਰ ਇੱਕ ਯਾਤਰੀ ਆਪਣੇ ਨਾਲ 25 ਕਿਲੋਗ੍ਰਾਮ ਤੱਕ ਦਾ ਸਮਾਨ ਲਿਜਾ ਸਕਦਾ ਹੈ। ਪਹਿਲਾਂ ਇਹ ਸੀਮਾ ਸਿਰਫ਼ 15 ਕਿਲੋ ਸੀ। ਯਾਦ ਰੱਖੋ! ਸਿਰਫ਼ ਇੱਕ ਬੈਗ ਇੰਨੇ ਭਾਰ ਦਾ ਹੋਣਾ ਚਾਹੀਦਾ ਹੈ।
ਮੈਟਰੋ 'ਚ ਇਨ੍ਹਾਂ ਚੀਜ਼ਾਂ 'ਤੇ ਪੂਰੀ ਤਰ੍ਹਾਂ ਹੈ ਪਾਬੰਦੀ
ਤੁਸੀਂ ਸਪੀਰਿਟ ਅਤੇ ਜਲਣਸ਼ੀਲ ਤਰਲ ਪਦਾਰਥ ਨਹੀਂ ਲਿਜਾਏ ਜਾ ਸਕਦੇ।
ਖ਼ਤਰਨਾਕ ਅਤੇ ਪਾਬੰਦੀਸ਼ੁਦਾ ਰਸਾਇਣਕ ਐਸਿਡ, ਪੈਟਰੋਲੀਅਮ ਉਤਪਾਦ ਜਾਂ ਕਿਸੇ ਵੀ ਤਰ੍ਹਾਂ ਦਾ ਵਿਸਫੋਟਕ ਲੈ ਕੇ ਜਾਣ 'ਤੇ ਸਖ਼ਤ ਪਾਬੰਦੀ ਹੈ।
ਕੋਈ ਵੀ ਤਿੱਖੀ ਵਸਤੂ ਜਿਵੇਂ ਚਾਕੂ, ਛੁਰਾ, ਤਲਵਾਰ, ਕਲੀਵਰ, ਕਟਲਰੀ ਆਦਿ ਨਹੀਂ ਲਿਜਾ ਸਕਦਾ। ਇਸ ਤੋਂ ਇਲਾਵਾ ਸਕ੍ਰਿਊ ਡ੍ਰਾਈਵਰ, ਰੈਂਚ, ਪਲੇਅਰ ਜਾਂ ਕੋਈ ਹੋਰ ਔਜ਼ਾਰ, ਜਿਸ ਦੀ ਲੰਬਾਈ 7 ਇੰਚ ਜਾਂ 17.5 ਸੈਂਟੀਮੀਟਰ ਤੋਂ ਵੱਧ ਹੋਵੇ, ਨਾਲ ਨਹੀਂ ਲਿਜਾਇਆ ਜਾ ਸਕਦਾ।
ਨਿਯਮ ਤੋੜਨ 'ਤੇ ਇਹ ਹੈ ਕਾਨੂੰਨ
ਇਨ੍ਹਾਂ ਮੈਟਰੋ ਨਿਯਮਾਂ ਦੀ ਉਲੰਘਣਾ ਕਰਨ 'ਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਜਾਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਮੈਟਰੋ 'ਚ ਖ਼ਤਰਨਾਕ ਜਾਂ ਇਤਰਾਜ਼ਯੋਗ ਅਤੇ ਪਾਬੰਦੀਸ਼ੁਦਾ ਸਮੱਗਰੀ ਲੈ ਕੇ ਜਾਣ 'ਤੇ 4 ਸਾਲ ਤੱਕ ਦੀ ਕੈਦ ਅਤੇ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।