ਸ਼ਰਾਬ ਪੀ ਕੇ ਗੱਡੀ ਚਲਾਉਣਾ ਨਾ ਸਿਰਫ਼ ਤੁਹਾਡੀ ਜਾਨ ਸਗੋਂ ਦੂਜੇ ਦੀ ਜਾਨ ਨੂੰ ਵੀ ਖ਼ਤਰੇ 'ਚ ਪਾ ਦਿੰਦਾ ਹੈ। ਇਸ ਸਬੰਧੀ ਸਖ਼ਤ ਕਾਨੂੰਨ ਬਣਾਏ ਗਏ ਹਨ, ਭਾਰੀ ਜੁਰਮਾਨੇ ਦੀ ਵਿਵਸਥਾ ਵੀ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕ ਸੁਧਰਨ ਦਾ ਨਾਂਅ ਨਹੀਂ ਲੈ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਪੁਲਿਸ-ਕਾਨੂੰਨ ਦਾ ਕੋਈ ਡਰ ਹੈ।


ਇੱਥੇ ਤਕ ਕਿ ਆਪਣੀ ਜਾਨ ਦਾ ਵੀ ਕੋਈ ਡਰ ਨਹੀਂ ਹੈ। ਇਸ ਸਾਲ ਫ਼ਰਵਰੀ 'ਚ ਸਰਕਾਰ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਸਾਲ 2020 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ 8 ਹਜ਼ਾਰ ਤੋਂ ਵੱਧ ਸੜਕ ਹਾਦਸੇ ਹੋਏ। ਪੁਲਿਸ ਵੀ ਅਜਿਹੇ ਲੋਕਾਂ 'ਤੇ ਸਖ਼ਤੀ ਰੱਖਦੀ ਹੈ ਅਤੇ ਨਾਲ ਹੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਜਿਹਾ ਨਾ ਕੀਤਾ ਜਾਵੇ। ਦਿੱਲੀ ਪੁਲਿਸ ਨੇ ਵੀ ਅਜਿਹਾ ਹੀ ਇੱਕ ਉਪਰਾਲਾ ਕੀਤਾ ਹੈ ਪਰ ਬਹੁਤ ਹੀ ਅਨੋਖੇ ਤਰੀਕੇ ਨਾਲ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਦਰਅਸਲ ਦਿੱਲੀ ਪੁਲਿਸ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੈ ਅਤੇ ਕਿਸੇ ਵੀ ਚੀਜ਼ ਨੂੰ ਵਿਲੱਖਣ ਤਰੀਕੇ ਨਾਲ ਸਮਝਾਉਣ ਅਤੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਹਾਲ ਉਨ੍ਹਾਂ ਨੇ ਜਿਹੜਾ ਟਵੀਟ ਕੀਤਾ ਹੈ, ਉਹ ਸ਼ਰਾਬੀ ਡਰਾਈਵਰਾਂ ਨਾਲ ਸਬੰਧਤ ਹੈ। ਇਸ ਟਵੀਟ 'ਚ ਉਨ੍ਹਾਂ ਨੇ ਇੱਕ ਸ਼ਾਨਦਾਰ ਸੰਦੇਸ਼ ਦਿੱਤਾ ਹੈ ਅਤੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰਾਬ ਪੀ ਕੇ ਕਦੇ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ।


ਦੇਖੋ ਦਿੱਲੀ ਪੁਲਿਸ ਦਾ ਮਜ਼ਾਕੀਆ ਟਵੀਟ



ਦਿੱਲੀ ਟ੍ਰੈਫ਼ਿਕ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ 'ਚ ਮਜ਼ਾਕੀਆ ਅੰਦਾਜ਼ 'ਚ ਲਿਖਿਆ ਗਿਆ ਹੈ, "ਜੇਕਰ ਤੁਸੀਂ ਬਾਰ ਛੱਡ ਕੇ ਆਪਣੀ ਕਾਰ ਚਲਾਉਂਦੇ ਹੋ ਜਾਂ ਫਿਰ ਕਾਰ 'ਚ ਹੀ ਆਪਣਾ ਬਾਰ ਖੋਲ੍ਹੋਗੇ ਤਾਂ ਤੁਹਾਡੇ ਲਈ ਖੁੱਲ੍ਹੇਗਾ ਪੁਲਸ ਸਟੇਸ਼ਨ ਦਾ ਦਰਵਾਜ਼ਾ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, "ਚੂਜ ਕਰ ਲਓ ਯਾਰ... ਕਾਰ-ਓ-ਬਾਰ, ਪਰਿਵਾਰ ਵਾਲਿਆਂ ਦਾ ਪਿਆਰ ਜਾਂ ਸਿੱਧਾ ਹਰਿਦੁਆਰ।"


ਇਸ ਦੇ ਨਾਲ ਹੀ ਯੂਜ਼ਰਸ ਵੀ ਦਿੱਲੀ ਪੁਲਿਸ ਦੇ ਇਸ ਟਵੀਟ 'ਤੇ ਮਜ਼ਾਕੀਆ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਪੁਲਿਸ ਸਟੇਸ਼ਨ ਦੇ ਦਰਵਾਜ਼ੇ 'ਤੇ ਤੁਸੀਂ ਉਦੋਂ ਜਾਓਗੇ, ਜਦੋਂ ਜ਼ਿੰਦਾ ਰਹੋਗੇ, ਨਹੀਂ ਤਾਂ ਐਕਸੀਡੈਂਟ ਹੋਇਆ ਤਾਂ ਸਿੱਧੇ ਹਰਿਦੁਆਰ ਜਾਓਗੇ।" ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, "ਇਹ ਲੋਕਾਂ ਲਈ ਬਹੁਤ ਵਧੀਆ ਸੰਦੇਸ਼ ਹੈ।"। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਦਿੱਲੀ ਪੁਲਿਸ ਦੀ ਤਾਰੀਫ ਕਰਦੇ ਹੋਏ ਕਮੈਂਟ ਕੀਤਾ, "ਵਾਹ। ਗਜਬ ਲਿਖਿਆ।" ਇਕ ਹੋਰ ਯੂਜਰ ਨੇ ਇਸੇ ਤਰ੍ਹਾਂ ਦੀ ਟਿੱਪਣੀ ਕਰਦੇ ਹੋਏ ਲਿਖਿਆ, "ਜੈ ਹੋ ਦਿੱਲੀ ਪੁਲਿਸ।"