CBI Raid at Sisodia's House: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ 'ਤੇ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਸੀਬੀਆਈ ਦੀ ਕੋਈ ਛਾਪੇਮਾਰੀ ਨਹੀਂ ਹੋਈ ਹੈ। ਪਹਿਲਾਂ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਆਇਆ।
ਦੂਜੇ ਪਾਸੇ ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ (Gopal Rai) ਨੇ ਟਵੀਟ ਕੀਤਾ, 'ਨਿਊਯਾਰਕ ਟਾਈਮਜ਼ ਜਿਸ ਦਿਨ ਮਨੀਸ਼ ਸਿਸੋਦੀਆ ਦੇ ਕੰਮਾਂ ਦੀ ਤਾਰੀਫ਼ ਕਰਨ ਵਾਲੀ ਖ਼ਬਰ ਛਾਪਦਾ ਹੈ, ਉਸੇ ਦਿਨ ਸੀਬੀਆਈ ਦੇ ਛਾਪੇ ਮਾਰੇ ਜਾਂਦੇ ਹਨ। ਦਿੱਲੀ ਦਾ ਸਿੱਖਿਆ ਅਤੇ ਸਿਹਤ ਮਾਡਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹੈ। ਮੋਦੀ ਸਰਕਾਰ ਇਸ ਨੂੰ ਰੋਕਣਾ ਚਾਹੁੰਦੀ ਹੈ। ਚੰਗੇ ਕੰਮਾਂ ਨੂੰ ਰੋਕਣ ਲਈ ਏਜੰਸੀਆਂ ਦੀ ਦੁਰਵਰਤੋਂ ਕਰਨਾ ਦੁੱਖ ਦੀ ਗੱਲ ਹੈ।
ਇਸ ਛਾਪੇਮਾਰੀ 'ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਸਿਸੋਦੀਆ ਦੀ ਤਾਰੀਫ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਨੇ ਪਹਿਲੇ ਪੰਨੇ 'ਤੇ ਉਹਨਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀ.ਬੀ.ਆਈ. ਭੇਜ ਦਿੱਤੀ, ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?
ਇਸ ਛਾਪੇਮਾਰੀ 'ਤੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੀ.ਬੀ.ਆਈ ਅਤੇ ਈ.ਡੀ ਨੂੰ ਸਰਕਾਰ ਦਾ ਹੱਥ ਦੱਸਦੇ ਹੋਏ ਕਿਹਾ ਕਿ ਹੁਣ ਜਦੋਂ ਕੇਜਰੀਵਾਲ ਅੱਗੇ ਵਧ ਰਹੇ ਹਨ ਤਾਂ ਭਾਜਪਾ ਉਨ੍ਹਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਹਿਲਾਂ ਸਤੇਂਦਰ ਜੈਨ ਹੁਣ ਸਿਸੋਦੀਆ ਨੂੰ ਨਿਸ਼ਾਨਾ ਬਣਾ ਰਹੀ ਹੈ।
ਅਨੁਰਾਗ ਠਾਕੁਰ 'ਤੇ ਸਾਧਿਆ ਨਿਸ਼ਾਨਾ
ਦੂਜੇ ਪਾਸੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ 'ਚ ਸ਼ਰਾਬ ਦੇ ਠੇਕਿਆਂ 'ਚ ਭ੍ਰਿਸ਼ਟਾਚਾਰ ਹੋਇਆ ਹੈ। ਇਹ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਮਿਲੀਭੁਗਤ ਹੈ। ਸ਼ਰਾਬ ਦੇ ਠੇਕਿਆਂ ਦਾ ਭ੍ਰਿਸ਼ਟਾਚਾਰ ਦੇਸ਼ ਦੇ ਸਾਹਮਣੇ ਆ ਗਿਆ ਹੈ।
ਦਰਅਸਲ, ਅੱਜ ਸੀਬੀਆਈ ਨੇ ਦਿੱਲੀ-ਐਨਸੀਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅਤੇ ਦਿੱਲੀ ਦੇ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ।
ਇਸ ਛਾਪੇਮਾਰੀ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ, 'ਸੀ.ਬੀ.ਆਈ. ਆਈ ਹੈ ਉਹਨਾਂ ਦਾ ਸੁਆਗਤ ਹੈ। ਅਸੀਂ ਕੱਟਰ ਇਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ-1 ਨਹੀਂ ਬਣ ਸਕਿਆ।