Satyapal Malik CBI Raid: ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਵੀਰਵਾਰ (22 ਫਰਵਰੀ) ਨੂੰ ਕਿਸਾਨਾਂ ਦੇ ਹੱਕ 'ਚ ਡਟੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ ਸਮੇਤ 30 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੀਬੀਆਈ ਦੀ ਇਹ ਛਾਪੇਮਾਰੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਠੇਕੇ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਜਦੋਂ ਸੀਬੀਆਈ ਨੇ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਮਾਮਲੇ ਵਿੱਚ ਸੱਤਿਆਪਾਲ ਮਲਿਕ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਪਿਛਲੇ ਸਾਲ ਮਈ ਵਿੱਚ ਵੀ ਸੀਬੀਆਈ ਨੇ ਇਸੇ ਮਾਮਲੇ ਵਿੱਚ 12 ਥਾਵਾਂ ’ਤੇ ਛਾਪੇ ਮਾਰੇ ਸਨ, ਜਿਨ੍ਹਾਂ ਵਿੱਚੋਂ ਇੱਕ ਟਿਕਾਣਾ ਸੱਤਿਆਪਾਲ ਮਲਿਕ ਦੇ ਸਾਬਕਾ ਸਹਿਯੋਗੀ ਦਾ ਸੀ। ਜਾਂਚ ਏਜੰਸੀ ਨੇ ਸੌਨਕ ਬਾਲੀ ਦੇ ਘਰ ਛਾਪਾ ਮਾਰਿਆ ਸੀ, ਜੋ ਸੱਤਿਆਪਾਲ ਮਲਿਕ ਦੇ ਮੀਡੀਆ ਸਲਾਹਕਾਰ ਰਹੇ ਸਨ। ਇਸ ਦੇ ਨਾਲ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਜਿਨ੍ਹਾਂ 30 ਥਾਵਾਂ 'ਤੇ ਛਾਪੇਮਾਰੀ ਹੋ ਰਹੀ ਹੈ, ਉਹ ਕਿਹੜੇ-ਕਿਹੜੇ ਰਾਜਾਂ 'ਚ ਹਨ।
ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ: ਸਤਿਆਪਾਲ ਮਲਿਕ
ਸੀਬੀਆਈ ਦੇ ਛਾਪੇ 'ਤੇ ਸੱਤਿਆਪਾਲ ਮਲਿਕ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, 'ਮੈਂ ਪਿਛਲੇ 3-4 ਦਿਨਾਂ ਤੋਂ ਬਿਮਾਰ ਹਾਂ ਤੇ ਹਸਪਤਾਲ 'ਚ ਦਾਖਲ ਹਾਂ। ਇਸ ਦੇ ਬਾਵਜੂਦ ਸਰਕਾਰੀ ਏਜੰਸੀਆਂ ਰਾਹੀਂ ਤਾਨਾਸ਼ਾਹ ਵੱਲੋਂ ਮੇਰੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੇਰੇ ਡਰਾਈਵਰ ਤੇ ਮੇਰੇ ਸਹਾਇਕ ਨੂੰ ਵੀ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਾਂਗਾ। ਮੈਂ ਕਿਸਾਨਾਂ ਦੇ ਨਾਲ ਹਾਂ।
ਸਤਿਆਪਾਲ ਮਲਿਕ ਦਾ ਸਿਆਸੀ ਸਫਰ
ਬਾਗਪਤ, ਉੱਤਰ ਪ੍ਰਦੇਸ਼ (ਯੂਪੀ) ਦੇ ਰਹਿਣ ਵਾਲੇ ਸੱਤਿਆਪਾਲ ਮਲਿਕ ਨੇ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਸਿਆਸੀ ਕਰੀਅਰ 1974 ਵਿੱਚ ਬਾਗਪਤ ਤੋਂ ਵਿਧਾਇਕ ਵਜੋਂ ਸ਼ੁਰੂ ਹੋਇਆ ਸੀ। 1980 ਵਿੱਚ ਉਹ ਲੋਕ ਦਲ ਤੋਂ ਪਾਰਲੀਮੈਂਟ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਪਹੁੰਚੇ। ਫਿਰ ਯੂਪੀ ਦੇ ਅਲੀਗੜ੍ਹ ਤੋਂ ਐਮਪੀ ਬਣੇ। 1996 'ਚ ਸਮਾਜਵਾਦੀ ਪਾਰਟੀ (ਸਪਾ) ਦੀ ਟਿਕਟ ਮਿਲੀ ਪਰ ਇਸ ਸੀਟ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਫਿਰ 2004 ਵਿੱਚ ਉਹ ਭਾਜਪਾ ਦਾ ਹਿੱਸਾ ਬਣ ਕੇ ਚੋਣ ਲੜੇ ਪਰ ਇਸ ਵਾਰ ਵੀ ਉਨ੍ਹਾਂ ਨੂੰ ਹਾਰ ਵੇਖਣੀ ਪਈ। 2012 ਵਿੱਚ, ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਤੇ ਫਿਰ ਉਨ੍ਹਾਂ ਨੂੰ ਇੱਕ-ਇੱਕ ਕਰਕੇ 4 ਰਾਜਾਂ (ਕ੍ਰਮਵਾਰ ਬਿਹਾਰ-2017, ਜੰਮੂ ਕਸ਼ਮੀਰ-2018, ਗੋਆ-2019 ਤੇ ਮੇਘਾਲਿਆ-2020) ਦੇ ਰਾਜਪਾਲ ਦੀ ਜ਼ਿੰਮੇਵਾਰੀ ਦਿੱਤੀ ਗਈ।
ਸਤਿਆਪਾਲ ਮਲਿਕ ਨੇ ਕੀਤੀ ਸੀ ਪੀਐਮ ਮੋਦੀ ਦੀ ਆਲੋਚਨਾ
ਸਾਬਕਾ ਗਵਰਨਰ ਸਤਿਆਪਾਲ ਮਲਿਕ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰ ਚੁੱਕੇ ਹਨ। ਉਨ੍ਹਾਂ ਨੇ ਪੁਲਵਾਮਾ ਹਮਲੇ ਲਈ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸੀਆਰਪੀਐਫ ਨੇ ਆਪਣੇ ਜਵਾਨਾਂ ਨੂੰ ਜੰਮੂ ਤੋਂ ਸ਼੍ਰੀਨਗਰ ਲਿਜਾਣ ਲਈ 4 ਜਹਾਜ਼ਾਂ ਦੀ ਮੰਗ ਕੀਤੀ ਸੀ ਪਰ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੇ ਕਹਿਣ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੜਕ ਤੋਂ ਜਾਣਾ ਪਿਆ ਤੇ ਪੁਲਵਾਮਾ ਹਮਲਾ ਹੋਇਆ।
ਕਿਸਾਨਾਂ ਦੇ ਮੁੱਦੇ 'ਤੇ ਸੱਤਿਆਪਾਲ ਮਲਿਕ ਨੇ ਕਿਹਾ ਸੀ ਕਿ ਜਦੋਂ ਮੈਂ ਪੀਐਮ ਮੋਦੀ ਨੂੰ ਕਿਸਾਨਾਂ ਨਾਲ ਗੱਲ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਕਿਸਾਨ ਆਪਣੇ ਆਪ ਛੱਡ ਕੇ ਚਲੇ ਜਾਣਗੇ। ਫਿਰ ਦੋ ਮਹੀਨਿਆਂ ਬਾਅਦ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਗਏ ਤੇ ਉਦੋਂ ਤੋਂ ਪੀਐਮ ਮੋਦੀ ਨਾਲ ਮੇਰੀ ਗੱਲਬਾਤ ਬੰਦ ਹੋ ਗਈ।