Chhattisgarh Naxal Attack: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ-ਸੁਕਮਾ ਜ਼ਿਲ੍ਹੇ ਦੀ ਸਰਹੱਦ 'ਤੇ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਸ਼ਨਿੱਚਰਵਾਰ (3 ਅਪ੍ਰੈਲ) ਨੂੰ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋਏ ਤੇ 31 ਜਵਾਨ ਜ਼ਖ਼ਮੀ ਹੋ ਗਏ। ਇਸ ਵਿਚਕਾਰ ਇੱਕ ਅਜਿਹੀ ਤਸਵੀਰ ਸਾਹਮਣੇ ਆਈ, ਜਿਸ 'ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ।


ਦਰਅਸਲ, ਮੁਕਾਬਲੇ ਦੌਰਾਨ ਇੱਕ ਸਿੱਖ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇੱਕ ਹੋਰ ਜਵਾਨ ਨੂੰ ਗੋਲੀ ਲੱਗ ਗਈ ਤੇ ਉਹ ਵੀ ਜ਼ਖ਼ਮੀ ਹੋ ਗਿਆ। ਜਿਵੇਂ ਹੀ ਉਸ ਨੂੰ ਗੋਲੀ ਲੱਗੀ ਤਾਂ ਸਿੱਖ ਜਵਾਨ ਨੇ ਆਪਣੀ ਪੱਗ ਉਤਾਰ ਕੇ ਆਪਣੇ ਸਾਥੀ ਦੇ ਜ਼ਖ਼ਮ 'ਤੇ ਬੰਨ੍ਹ ਦਿੱਤੀ। ਇਸ ਘਟਨਾ ਨੂੰ ਛੱਤੀਸਗੜ੍ਹ 'ਚ 1988 ਬੈਚ ਦੇ ਆਈਪੀਐਸ ਅਧਿਕਾਰੀ ਆਰਕੇ ਵਿਜ ਨੇ ਟਵੀਟ ਕੀਤਾ ਹੈ ਤੇ ਕਿਹਾ, "ਸਿੱਖ ਜਵਾਨ ਦੇ ਜਜ਼ਬੇ ਨੂੰ ਮੇਰਾ ਸਲਾਮ।"

ਇਹ ਜਵਾਨ ਸੈਂਟਰਲ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੀ ਏਲੀਟ ਕਮਾਂਡੋ ਬਟਾਲੀਅਨ ਫ਼ਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਵਿੰਗ ਦਾ ਜਵਾਨ ਬਲਰਾਜ ਸਿੰਘ ਹੈ, ਜਿਸ ਨੇ ਆਪਣੇ ਸਾਥੀ ਅਭਿਸ਼ੇਕ ਪਾਂਡੇ ਦੀ ਮਦਦ ਕੀ। ਇਨ੍ਹਾਂ ਦੋਵਾਂ ਜਵਾਨਾਂ ਨੂੰ ਰਾਏਪੁਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਆਰਕੇ ਵਿਜ ਨੇ ਕਿਹਾ, "ਇਹ ਮਾਣ ਵਾਲੀ ਗੱਲ ਹੈ। ਬਲਰਾਜ ਸਿੰਘ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਸੀ, ਪਰ ਉਹ ਬਹਾਦਰੀ ਨਾਲ ਲੜਦਾ ਰਿਹਾ। ਦੋਵੇਂ ਜਵਾਨ ਹਸਪਤਾਲ 'ਚ ਦਾਖ਼ਲ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਹੈ।"

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਰਾਜ ਸਿੰਘ ਨੇ ਕਿਹਾ, "ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਸੀ। ਅਚਾਨਕ ਮੈਂ ਵੇਖਿਆ ਕਿ ਅਭਿਸ਼ੇਕ ਪਾਂਡੇ ਦੀ ਲੱਤ 'ਚ ਗੋਲੀ ਲੱਗੀ ਹੈ ਤੇ ਕਾਫ਼ੀ ਜ਼ਿਆਦਾ ਖੂਨ ਵੱਗ ਰਿਹਾ ਸੀ। ਮੈਂ ਆਪਣੀ ਪੱਗ ਉਤਾਰੀ ਤੇ ਖੂਨ ਵਗਣ ਤੋਂ ਰੋਕਣ ਲਈ ਉਸ ਦੇ ਜ਼ਖ਼ਮ ਉੱਤੇ ਬੰਨ੍ਹ ਦਿੱਤੀ। ਬਾਅਦ 'ਚ ਮੈਨੂੰ ਵੀ ਗੋਲੀਆਂ ਲੱਗੀਆਂ।"

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੀ ਸਰਹੱਦ 'ਤੇ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦ ਹੋਏ ਜਵਾਨਾਂ 'ਚੋਂ 7 ਜਵਾਨ ਕੋਬਰਾ ਬਟਾਲੀਅਨ, 8 ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), 6 ਜਵਾਨ ਵਿਸ਼ੇਸ਼ ਟਾਸਕ ਫ਼ੋਰਸ (ਐਸਟੀਐਫ) ਤੇ ਬਸਤਾਰੀਆ ਬਟਾਲੀਅਨ ਦਾ 1 ਜਵਾਨ ਸ਼ਾਮਲ ਹੈ।

 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ