ਚੰਡੀਗੜ੍ਹ: ਚੀਨ ਹਮੇਸ਼ਾਂ ਹੀ ਹਮਲਾਵਰ ਤੇ ਵਿਸਤਾਰਵਾਦੀ ਨੀਤੀਆਂ ਵਾਲਾ ਦੇਸ਼ ਰਿਹਾ ਹੈ। ਇਸ ਨੇ ਆਪਣੇ ਨਾਲ ਲੱਗਦੇ ਛੇ ਮੁਲਕਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਚੀਨ ਨੇ ਭਾਰਤ ਦਾ ਵੀ 43000 ਵਰਗ ਕਿਲੋਮੀਟਰ ਇਲਾਕਾ ਦੱਬਿਆ ਹੋਇਆ ਹੈ। ਚੀਨ ਦੀ 14 ਦੇਸ਼ਾਂ ਨਾਲ 22 ਹਜ਼ਾਰ 117 ਕਿਲੋਮੀਟਰ ਲੰਮੀ ਸਰਹੱਦ ਹੈ। ਇਹ ਦੁਨੀਆ ਦਾ ਪਹਿਲਾ ਦੇਸ਼ ਹੈ, ਜਿਸ ਦੀਆਂ ਸਰਹੱਦਾਂ ਜ਼ਿਆਦਾਤਰ ਦੇਸ਼ਾਂ ਨੂੰ ਮਿਲਦੀਆਂ ਹਨ ਤੇ ਇਨ੍ਹਾਂ ਸਾਰੇ ਦੇਸ਼ਾਂ ਨਾਲ ਚੀਨ ਦਾ ਕਿਸੇ ਨਾ ਕਿਸੇ ਕਾਰਨ ਸਰਹੱਦੀ ਵਿਵਾਦ ਹੈ।
ਚੀਨ ਦੇ ਨਕਸ਼ੇ ‘ਚ ਤੁਸੀਂ ਛੇ ਦੇਸ਼ ਪੂਰਬੀ ਤੁਰਕੀਸਤਾਨ, ਤਿੱਬਤ, ਅੰਦਰੂਨੀ ਮੰਗੋਲੀਆ ਜਾਂ ਦੱਖਣੀ ਮੰਗੋਲੀਆ, ਤਾਈਵਾਨ, ਹਾਂਗਕਾਂਗ ਤੇ ਮਕਾਊ ਜ਼ਰੂਰ ਵੇਖੇ ਹੋਣਗੇ। ਇਹ ਉਹ ਦੇਸ਼ ਹਨ ਜਿਨ੍ਹਾਂ ‘ਤੇ ਚੀਨ ਦਾ ਕਬਜ਼ਾ ਰਿਹਾ ਹੈ ਜਾਂ ਚੀਨ ਉਨ੍ਹਾਂ ਨੂੰ ਆਪਣਾ ਹਿੱਸਾ ਦੱਸਦਾ ਹੈ। ਇਨ੍ਹਾਂ ਸਾਰੇ ਦੇਸ਼ਾਂ ਦਾ ਕੁੱਲ ਰਕਬਾ 41 ਲੱਖ 13 ਹਜ਼ਾਰ 709 ਵਰਗ ਕਿਲੋਮੀਟਰ ਤੋਂ ਵੱਧ ਹੈ। ਇਹ ਚੀਨ ਦੇ ਕੁੱਲ ਖੇਤਰ ਦਾ 43% ਹੈ।
ਚੀਨ ਨੇ 1949 ਵਿੱਚ ਪੂਰਬੀ ਤੁਰਕੀਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਚੀਨ ਇਸ ਨੂੰ ਸ਼ਿਨਜਿਆਂਗ ਪ੍ਰਾਂਤ ਕਹਿੰਦਾ ਹੈ। ਇੱਥੇ ਦੀ ਕੁੱਲ ਆਬਾਦੀ ‘ਚ 45% ਮੁਸਲਮਾਨ, ਜਦੋਂਕਿ 40% ਹਾਨ ਚੀਨੀ ਹਨ। ਉਈਗਰ ਮੁਸਲਮਾਨ ਤੁਰਕੀ ਮੂਲ ਦੇ ਮੰਨੇ ਜਾਂਦੇ ਹਨ। ਤਿੱਬਤ ਦੀ ਤਰ੍ਹਾਂ ਚੀਨ ਨੇ ਸ਼ਿਨਜਿਆਂਗ ਨੂੰ ਵੀ ਖੁਦਮੁਖਤਿਆਰੀ ਖੇਤਰ ਐਲਾਨਿਆ ਹੋਇਆ ਹੈ।
23 ਮਈ 1950 ਨੂੰ ਚੀਨ ਦੇ ਹਜ਼ਾਰਾਂ ਸੈਨਿਕਾਂ ਨੇ ਤਿੱਬਤ ‘ਤੇ ਹਮਲਾ ਕਰਕੇ ਕਬਜ਼ਾ ਕਰ ਲਿਆ। ਪੂਰਬੀ ਤੁਰਕੀਸਤਾਨ ਤੋਂ ਬਾਅਦ ਤਿੱਬਤ ਚੀਨ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ। ਜਿੱਥੇ ਆਬਾਦੀ ਦਾ 78% ਬੁੱਧ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਚੀਨ ਨੇ ਅੰਦਰੂਨੀ ਮੰਗੋਲੀਆ 'ਤੇ ਕਬਜ਼ਾ ਕਰ ਲਿਆ। 1947 ਵਿੱਚ ਚੀਨ ਨੇ ਇਸ ਨੂੰ ਖੁਦਮੁਖਤਿਆਰੀ ਐਲਾਨ ਕਰ ਦਿੱਤਾ। ਖੇਤਰ ਦੇ ਹਿਸਾਬ ਨਾਲ ਅੰਦਰੂਨੀ ਮੰਗੋਲੀਆ, ਚੀਨ ਦਾ ਤੀਜਾ ਸਭ ਤੋਂ ਵੱਡਾ ਸਬ-ਡਿਵੀਜ਼ਨ ਹੈ।
ਚੀਨ ਤੇ ਤਾਈਵਾਨ ਦਾ ਆਪਸ ਵਿੱਚ ਵੱਖਰਾ ਸਬੰਧ ਹੈ। 1949 ਵਿੱਚ ਚੀਨ ਦਾ ਨਾਂ 'ਪੀਪਲਜ਼ ਰੀਪਬਲਿਕ ਆਫ ਚਾਇਨਾ' ਤੇ ਤਾਈਵਾਨ ਦਾ 'ਰਿਪਬਲਿਕ ਆਫ ਚਾਇਨਾ' ਰੱਖਿਆ ਗਿਆ ਸੀ। ਦੋਵੇਂ ਦੇਸ਼ ਇੱਕ ਦੂਜੇ ਨੂੰ ਮਾਨਤਾ ਨਹੀਂ ਦਿੰਦੇ ਪਰ ਚੀਨ ਦਾ ਦਾਅਵਾ ਹੈ ਕਿ ਤਾਈਵਾਨ ਵੀ ਇਸ ਦਾ ਹਿੱਸਾ ਹੈ। ਹਾਂਗਕਾਂਗ ਪਹਿਲਾਂ ਚੀਨ ਦਾ ਹਿੱਸਾ ਸੀ, ਪਰ 1842 ਵਿੱਚ ਬ੍ਰਿਟਿਸ਼ ਨਾਲ ਹੋਈ ਲੜਾਈ ਵਿੱਚ ਚੀਨ ਇਸ ਨੂੰ ਹਾਰ ਗਿਆ। 1997 ਵਿੱਚ ਬ੍ਰਿਟੇਨ ਨੇ ਹਾਂਗਕਾਂਗ, ਚੀਨ ਨੂੰ ਵਾਪਸ ਕਰ ਦਿੱਤਾ, ਪਰ ਇਸ ਦੇ ਨਾਲ 'ਵਨ ਕੰਟ੍ਰੀ, ਟੂ ਸਿਸਟਮ' ਸਮਝੌਤੇ 'ਤੇ ਵੀ ਦਸਤਖਤ ਕੀਤੇ, ਜਿਸ ਤਹਿਤ ਚੀਨ ਅਗਲੇ 50 ਸਾਲਾਂ ਲਈ ਹਾਂਗਕਾਂਗ ਨੂੰ ਰਾਜਨੀਤਕ ਆਜ਼ਾਦੀ ਦੇਣ ਲਈ ਸਹਿਮਤ ਹੋਇਆ। ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ, ਜੋ ਚੀਨ ਦੇ ਲੋਕਾਂ ਨੂੰ ਨਹੀਂ ਹਨ।
ਮਕਾਊ ‘ਤੇ ਤਕਰੀਬਨ 450 ਸਾਲਾਂ ਤਕ ਪੁਰਤਗਾਲੀਆਂ ਦਾ ਕਬਜ਼ਾ ਸੀ। ਦਸੰਬਰ 1999 ਵਿਚ ਪੁਰਤਗਾਲੀਆਂ ਨੇ ਇਸ ਚੀਨ ਵਿਚ ਤਬਦੀਲ ਕਰ ਦਿੱਤਾ। ਮਕਾਊ ਨੂੰ ਟ੍ਰਾਂਸਫਰ ਕਰਦੇ ਸਮੇਂ ਹਾਂਗਕਾਂਗ ਨਾਲ ਇਹੀ ਸਮਝੌਤਾ ਹੋਇਆ ਸੀ। ਹਾਂਗਕਾਂਗ ਦੀ ਤਰ੍ਹਾਂ ਚੀਨ ਨੇ ਮਕਾਊ ਨੂੰ ਵੀ 50 ਸਾਲਾਂ ਤਕ ਰਾਜਨੀਤਕ ਆਜ਼ਾਦੀ ਦਿੱਤੀ ਹੋਈ ਹੈ। ਇਸ ਸਾਲ 11 ਮਾਰਚ ਨੂੰ ਲੋਕ ਸਭਾ ਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਸੀ ਕਿ ਚੀਨ, ਅਰੁਣਾਚਲ ਪ੍ਰਦੇਸ਼ ਦੇ 90 ਹਜ਼ਾਰ ਵਰਗ ਕਿਲੋਮੀਟਰ ਦੇ ਹਿੱਸੇ ‘ਤੇ ਆਪਣਾ ਦਾਅਵਾ ਕਰਦਾ ਹੈ। ਜਦੋਂਕਿ ਲੱਦਾਖ ਦਾ ਲਗਪਗ 38 ਹਜ਼ਾਰ ਵਰਗ ਕਿਲੋਮੀਟਰ ਹਿੱਸਾ ਚੀਨ ਦੇ ਕਬਜ਼ੇ ‘ਚ ਹੈ।
ਇਸ ਤੋਂ ਇਲਾਵਾ 2 ਮਾਰਚ 1963 ਨੂੰ ਚੀਨ ਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਪਾਕਿਸਤਾਨ ਨੇ ਪੀਓਕੇ ਦਾ 5 ਹਜ਼ਾਰ 180 ਵਰਗ ਕਿਲੋਮੀਟਰ ਚੀਨ ਨੂੰ ਦੇ ਦਿੱਤਾ ਸੀ। ਕੁਲ ਮਿਲਾ ਕੇ ਚੀਨ ਨੇ ਭਾਰਤ ਦੇ 43 ਹਜ਼ਾਰ 180 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਦੱਸ ਦਈਏ ਕਿ 1949 ਵਿਚ ਕਮਿਊਨਿਸਟ ਸਰਕਾਰ ਬਣਨ ਤੋਂ ਬਾਅਦ ਚੀਨ ਹੋਰਨਾਂ ਦੇਸ਼ਾਂ ਤੇ ਖੇਤਰਾਂ 'ਤੇ ਕਬਜ਼ਾ ਕਰ ਰਿਹਾ ਹੈ। ਚੀਨ ਦੀ ਸਰਹੱਦ 14 ਦੇਸ਼ਾਂ ਨਾਲ ਹੈ, ਪਰ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ 23 ਦੇਸ਼ਾਂ ਨੂੰ ਆਪਣਾ ਹਿੱਸਾ ਦੱਸਦਾ ਹੈ।
ਇੰਨਾ ਹੀ ਨਹੀਂ, ਚੀਨ, ਦੱਖਣੀ ਚੀਨ ਸਾਗਰ ‘ਤੇ ਵੀ ਆਪਣਾ ਹੱਕ ਹੋਣ ਦਾ ਦਾਅਵਾ ਕਰਦਾ ਹੈ। ਇੰਡੋਨੇਸ਼ੀਆ ਤੇ ਵੀਅਤਨਾਮ ਵਿਚਾਲੇ ਇਹ ਸਮੁੰਦਰ 35 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਸਮੁੰਦਰ ਇੰਡੋਨੇਸ਼ੀਆ, ਚੀਨ, ਫਿਲਪੀਨਜ਼, ਵੀਅਤਨਾਮ, ਮਲੇਸ਼ੀਆ, ਤਾਈਵਾਨ ਤੇ ਬਰੂਨੇਈ ਨਾਲ ਘਿਰਿਆ ਹੋਇਆ ਹੈ ਪਰ, ਇੰਡੋਨੇਸ਼ੀਆ ਨੂੰ ਛੱਡ ਕੇ, ਸਾਰੇ 6 ਦੇਸ਼ ਸਮੁੰਦਰ ‘ਤੇ ਆਪਣਾ ਦਾਅਵਾ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904