ਲੇਹ: ਚੀਨੀਆਂ ਨੇ ਪੂਰਬੀ ਲੱਦਾਖ ਦੇ ਡੇਮਚੋਕ ਇਲਾਕੇ ’ਚ ਸਥਿਤ ਚਾਰਡਿੰਗ ਨਾਲੇ ਦੇ ਭਾਰਤ ਵਾਲੇ ਪਾਸੇ ਟੈਂਟ ਲਾ ਕੇ ਆਪਣਾ ਕਬਜ਼ਾ ਜਮਾ ਲਿਆ ਹੈ। ਭਾਰਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਰਾਜਧਾਨੀ ਨਵੀਂ ਦਿੱਲੀ ’ਚ ਕੀਤੀ। ਅਧਿਕਾਰੀ ਅਨੁਸਾਰ ਭਾਰਤੀ ਹਿੱਸੇ ’ਤੇ ਤੰਬੂ ਗੱਡ ਕੇ ਕਬਜ਼ਾ ਕਰਨ ਵਾਲੇ ਲੋਕ ‘ਫ਼ੌਜੀ ਨਹੀਂ, ਸਗੋਂ ਆਮ ਨਾਗਰਿਕ’ ਹਨ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸਾਦੇ ਕੱਪੜਿਆਂ ’ਚ ਚੀਨ ਦੇ ਫ਼ੌਜੀ ਵੀ ਹੋ ਸਕਦੇ ਹਨ। ਭਾਰਤ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਵੀ ਆਖਿਆ ਸੀ ਪਰ ਉਹ ਹਾਲੇ ਤੱਕ ਉੱਥੇ ਹੀ ਡਟੇ ਹੋਏ ਹਨ। ਦੱਸ ਦੇਈਏ ਕਿ ਡੇਮਚੋਕ ਇਲਾਕੇ ’ਚ ਭਾਰਤੀ ਤੇ ਚੀਨੀ ਫ਼ੌਜਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਪਹਿਲਾਂ ਵੀ ਕਈ ਵਾਰ ਪੈਦਾ ਹੋ ਚੁੱਕੀ ਹੈ।

ਦੋਵੇਂ ਦੇਸ਼ 1990ਵਿਆਂ ਦੌਰਾਨ ਹੀ ਸਾਂਝੇ ਕਾਰਜ ਦਲਾਂ (JWG-ਜੁਆਇੰਟ ਵਰਕਿੰਗ ਗਰੁੱਪਸ) ਦੀਆਂ ਮੀਟਿੰਗਾਂ ਦੌਰਾਨ ਇਸ ਨੁਕਤੇ ’ਤੇ ਵੀ ਸਹਿਮਤ ਹੋ ਚੁੱਕੇ ਹਨ ਕਿ ‘ਅਸਲ ਕੰਟਰੋਲ ਰੇਖਾ’ (LAC) ਉੱਤੇ ਮੌਜੂਦ ਡੇਮਚੋਕ ਤੇ ਟ੍ਰਿਗ ਨਾਂ ਦੇ ਪਹਾੜ ਵਿਵਾਦਗ੍ਰਸਤ ਖੇਤਰ ਹਨ।

ਇਨ੍ਹਾਂ ਦੋ ਖੇਤਰਾਂ ਤੋਂ ਇਲਾਵਾ 12 ਹੋਰ ਇਲਾਕਿਆਂ ਨੂੰ ਵੀ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ‘ਵਿਵਾਦਗ੍ਰਸਤ’ ਮੰਨਿਆ ਜਾ ਚੁੱਕਾ ਹੈ। ਇਹ ਸਾਰੇ ਖੇਤਰ LAC ’ਤੇ ਹੀ ਮੌਜੂਦ ਹਨ।

ਇਨ੍ਹਾਂ ’ਚੋਂ ਅੱਗੇ ਪੰਜ ਵਧੇਰੇ ਵਿਵਾਦ ਵਾਲੇ ਸਥਾਨਾਂ ਦੇ ਨਾਂ ਇਸ ਪ੍ਰਕਾਰ ਹਨ:
·        KM120 (ਗਲਵਾਨ ਵਾਦੀ)
·        PP15 (ਸ਼ਿਯੋਕ ਸੁਲਾ)
·        PP17A (ਸ਼ਿਯੋਕ ਸੁਲਾ)
·        ਰੇਚਿਨ ਲਾ
·        ਰੇਜ਼ਾਂਗ ਲਾ

ਅੱਜ 26 ਜੁਲਾਈ ਨੂੰ ‘ਕਾਰਗਿਲ ਦਿਵਸ’ ਵੀ ਹੈ ਤੇ ਇਸੇ ਦਿਨ 1999 ’ਚ ਕਾਰਗਿਲ ਦੀ ਜੰਗ ਦੌਰਾਨ ਭਾਰਤੀ ਫ਼ੌਜੀ ਜਵਾਨਾਂ ਨੇ ਪਾਕਿਸਤਾਨ ਨੂੰ ਧੂੜ ਚਟਾਈ ਸੀ। ਅੱਜ ਸੋਮਵਾਰ ਨੂੰ ਹੀ ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ 12ਵੇਂ ਗੇੜ ਦੀ ਗੱਲਬਾਤ ਵੀ ਹੋਣੀ ਤੈਅ ਸੀ ਪਰ ਚੀਨ ਨੇ ਇਹ ਬੈਠਕ ਕੁਝ ਦਿਨਾਂ ਲਈ ਮੁਲਤਵੀ ਕਰਨ ਲਈ ਆਖਿਆ ਸੀ। ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਕ੍ਰਿਸ਼ਨ ਕੌਸ਼ਕਿ ਦੀ ਰਿਪੋਰਟ ਅਨੁਸਾਰ ਹੁਣ ਦੋਵੇਂ ਦੇਸ਼ਾਂ ਦੇ ਕੋਰ ਕਮਾਂਡਰਾਂ ਦੀ ਮੀਟਿੰਗ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ।

ਕੋਰ ਕਮਾਂਡਰਾਂ ਦੀ ਅਜਿਹੀ ਮੀਟਿੰਗ ਪਿਛਲੀ ਵਾਰ ਇਸੇ ਵਰ੍ਹੇ ਅਪ੍ਰੈਲ ’ਚ ਹੋਈ ਸੀ ਤੇ ਉਸ ਮੀਟਿੰਗ ਦੌਰਾਨ ਪੂਰੀ ਲੱਦਾਖ ਦੇ ਇਲਾਕਿਆਂ ਵਿੱਚ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਏ ਸੰਘਰਸ਼ ਦੀ ਬਹੁ-ਚਰਚਿਤ ਘਟਨਾ ਬਾਰੇ ਵੀ ਵਿਚਾਰ-ਚਰਚਾ ਹੋਈ ਸੀ ਤੇ ਦੋਵੇਂ ਧਿਰਾਂ ਨੇ ਤਣਾਅ ਘਟਾਉਣ ਦੀ ਲੋੜ ਉੱਤੇ ਹੀ ਜ਼ੋਰ ਦਿੱਤਾ ਸੀ।