ਭਾਰਤ ਦੇ ਚੀਫ਼ ਜਸਟਿਸ (CJI) ਡੀਵਾਈ ਚੰਦਰਚੂੜ ਨੇ ਸੋਮਵਾਰ ਨੂੰ ਇੱਕ ਸੁਣਵਾਈ ਦੌਰਾਨ ਇੱਕ ਵਕੀਲ ਦੁਆਰਾ ਅੰਗਰੇਜ਼ੀ ਵਿੱਚ 'Ya...Ya...' ਕਿਹਾ ਤਾਂ ਗ਼ੁੱਸੇ ਵਿੱਚ ਆ ਗਏ। ਉਨ੍ਹਾਂ ਨੇ ਵਕੀਲ ਨੂੰ ਝਿੜਕਿਆ ਤੇ ਕਿਹਾ - ਇਹ ਕੌਫੀ ਦੀ ਦੁਕਾਨ ਨਹੀਂ ਹੈ। ਇਹ ਕੀ ਹੈ Ya... Ya... ਮੈਨੂੰ ਇਸ ਤੋਂ ਬਹੁਤ ਐਲਰਜੀ ਹੈ। ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤੁਸੀਂ Yes ਕਹੋ।


ਡਾਂਟ ਸੁਣਨ ਤੋਂ ਬਾਅਦ ਵਕੀਲ ਨੇ ਦੱਸਿਆ ਕਿ ਉਹ ਪੁਣੇ ਦਾ ਰਹਿਣ ਵਾਲਾ ਹੈ। ਉਸ ਨੇ ਮਰਾਠੀ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਇਸ 'ਤੇ ਸੀਜੇਆਈ ਨੇ ਵੀ ਉਨ੍ਹਾਂ ਨੂੰ ਮਰਾਠੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ।



ਦਰਅਸਲ, ਇਹ ਪਟੀਸ਼ਨ ਸਾਬਕਾ ਸੀਜੇਆਈ ਰੰਜਨ ਗੋਗੋਈ ਦੇ ਖ਼ਿਲਾਫ਼ ਅੰਦਰੂਨੀ ਜਾਂਚ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਸੀ। ਸੀਜੇਆਈ ਚੰਦਰਚੂੜ ਨੇ ਵਕੀਲ ਨੂੰ ਕੇਸ ਤੋਂ ਪਹਿਲਾਂ ਸੀਜੇਆਈ ਦਾ ਨਾਂਅ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।


2018 ਵਿੱਚ ਸਾਬਕਾ CJI ਖ਼ਿਲਾਫ਼ ਹੋਈ ਸੀ ਪਟੀਸ਼ਨ ਦਾਇਰ 


ਸਾਬਕਾ ਸੀਜੇਆਈ ਖ਼ਿਲਾਫ਼ ਮਈ 2018 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਸੀਜੇਆਈ ਗੋਗੋਈ ਨੇ ਇੱਕ ਗ਼ੈਰ-ਕਾਨੂੰਨੀ ਬਿਆਨ ਦੇ ਆਧਾਰ 'ਤੇ ਕਿਰਤ ਕਾਨੂੰਨਾਂ ਦੇ ਤਹਿਤ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਗ਼ਲਤ ਤਰੀਕੇ ਨਾਲ ਖਾਰਜ ਕਰ ਦਿੱਤਾ ਸੀ। ਉਸ ਦੇ ਫੈਸਲੇ ਵਿੱਚ ਵੱਡੀਆਂ ਗ਼ਲਤੀਆਂ ਸਨ।



ਸੁਣਵਾਈ ਦੌਰਾਨ ਸੀਜੇਆਈ ਚੰਦਰਚੂੜ ਨੇ ਕਿਹਾ ਕਿ ਸਹੀ ਜਾਂ ਗ਼ਲਤ, ਸੁਪਰੀਮ ਕੋਰਟ ਦਾ ਅੰਤਿਮ ਫੈਸਲਾ ਆ ਗਿਆ ਹੈ। ਸਮੀਖਿਆ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਤੁਹਾਨੂੰ ਕਿਊਰੇਟਿਵ ਦਾਇਰ ਕਰਨਾ ਪਵੇਗਾ, ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ। ਸੀਜੇਆਈ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਹਾਈ ਕੋਰਟ ਦੇ ਕਿਸੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਉਸ ਕੇਸ ਵਿੱਚ ਫੈਸਲਾ ਦੇਣ ਵਾਲੇ ਹਾਈ ਕੋਰਟ ਦੇ ਜੱਜ ਨੂੰ ਧਿਰ ਨਹੀਂ ਬਣਾਇਆ ਜਾਂਦਾ।


ਕੌਣ ਨੇ ਜਸਟਿਸ ਗੋਗੋਈ?


ਜਸਟਿਸ ਗੋਗੋਈ ਇਸ ਸਮੇਂ ਰਾਜ ਸਭਾ ਮੈਂਬਰ ਹਨ। ਉਹ ਉੱਤਰ-ਪੂਰਬ ਤੋਂ ਪਹਿਲੇ ਵਿਅਕਤੀ ਸਨ ਜੋ ਸੁਪਰੀਮ ਕੋਰਟ ਦੇ ਉੱਚ ਅਹੁਦੇ 'ਤੇ ਪਹੁੰਚੇ ਤੇ ਦਹਾਕਿਆਂ ਪੁਰਾਣੇ ਸਿਆਸੀ ਅਤੇ ਧਾਰਮਿਕ ਤੌਰ 'ਤੇ ਸੰਵੇਦਨਸ਼ੀਲ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ 'ਤੇ ਫੈਸਲਾ ਸੁਣਾਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਉਹ 17 ਨਵੰਬਰ 2019 ਨੂੰ ਸੀਜੇਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।