Bhagwant Mann: ਚੰਡੀਗੜ੍ਹ ਮੇਅਰ ਚੋਣਾਂ 'ਚ ਧਾਂਦਲੀ ਹੋਣ ਦੇ ਇਲਜ਼ਾਮ ਨੂੰ ਲੈ ਕੇ ਦਿੱਲੀ 'ਚ ਹੋਏ ਆਮ ਆਦਮੀ ਪਾਰਟੀ (ਆਪ) ਦੇ ਧਰਨੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੁਹਾਡਾ ਲੋਕਤੰਤਰ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲਣਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਕਿਸੇ ਦੇ ਬਾਪ ਦਾ ਨਹੀਂ ਹੈ।


ਸੀਐਮ ਭਗਵੰਤ ਮਾਨ ਨੇ  ਕਿਹਾ ਕਿ,  30 ਜਨਵਰੀ ਨੂੰ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ ਕਟਵਾਉਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਦੂਜੀ ਵੋਟ ਪਾ ਰਿਹਾ ਹੈ। ਇਹ ਪਹਿਲੀ ਵਾਰ ਕੈਮਰੇ ਉੱਤੇ ਆਇਆ ਹੈ ਇਹ ਕਰਦੇ ਤਾਂ ਪਹਿਲਾਂ ਵੀ ਸੀ। ਜੇ ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਵੋਟਾਂ ਹੀ ਨਾ ਪੈਣ ਦੇਣ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਲੋਕ ਸਭਾ ਚੋਣਾਂ ਕਰਵਾਈਆਂ ਜਾਂਦੀਆਂ ਹਨ, ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਬਿੱਲ ਪਾਸ ਕੀਤੇ ਜਾਂਦੇ ਹਨ। ਹਾਂ ਵਾਲੇ ਹਾਂ ਕਹੋ, ਨਾਂ ਵਾਲੇ ਨਾਂ ਕਹੋ, ਚਲੋ ਹੋ ਗਿਆ






ਜੇਕਰ 2024 ਵਿੱਚ ਆ ਗਏ ਤਾਂ....


ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ 2024 ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਨਾਂਅ ਨਰਿੰਦਰ ਮੋਦੀ ਨਹੀਂ ਬਲਕਿ ਨਰਿੰਦਰ ਪੁਤਿਨ ਹੋਵੇਗਾ। ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ, ਉਹ ਕੌਣ ਹਨ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਵਾਲੇ ? ਲੋਕਤੰਤਰ ਵਿੱਚ ਚੁਣੇ ਹੋਏ ਰਾਜ਼ ਕਰਦੇ ਨੇ ਨਾਮਜ਼ਦ ਕੀਤੇ ਹੋਏ ਨਹੀਂ।


'ਆਪ' ਦਾ ਧਰਨਾ ਸ਼ਾਂਤਮਈ ਹੈ


ਸੀਐਮ ਭਗਵੰਤ ਮਾਨ ਤੋਂ ਪਹਿਲਾਂ ਦਿੱਲੀ ਸਰਕਾਰ ਵਿੱਚ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਜਿਸ ਤਰ੍ਹਾਂ ਭਾਜਪਾ ਦਾ ਪਰਦਾਫਾਸ਼ ਹੋਇਆ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸਾਜ਼ਿਸ਼ ਰਚੀ, ਉਸ ਦੀਆਂ ਬਹੁਤ ਘੱਟ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੀ ਪਾਰਟੀ ਨੇ ਭਾਜਪਾ ਦੇ ਇਸ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਸਾਡਾ ਇਹ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ।