ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ’ਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਕਮੀ ਹੈ ਤੇ ਸ਼ਹਿਰ ਦੇ ਕੋਟੇ ਦੀ ਆਕਸੀਜਨ ਹੋਰਨਾਂ ਰਾਜਾਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ’ਚ ਹਸਪਤਾਲਾਂ ਅੰਦਰ ਬਿਸਤਰਿਆਂ ਦੀ ਗਿਣਤੀ ਵਧਾਉਣ ਤੇ ਮਰੀਜ਼ਾਂ ਲਈ ਤੁਰੰਤ ਆਕਸੀਜਨ ਦੀ ਸਪਲਾਈ ਮਜ਼ਬੂਤ ਕਰਨ ਵਿੱਚ ਮਦਦ ਦੀ ਬੇਨਤੀ ਕੀਤੀ ਸੀ।
ਇਸ ਤੋਂ ਬਾਅਦ ਕੇਜਰੀਵਾਲ ਨੇ ਐਤਵਾਰ ਸ਼ਾਮੀਂ ਟਵੀਟ ਕੀਤਾ, ‘ਦਿੱਲੀ ’ਚ ਆਕਸੀਜਨ ਦੀ ਭਾਰੀ ਕਮੀ ਹੈ। ਮਾਮਲੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਦਿੱਲੀ ਨੂੰ ਆਮ ਨਾਲੋਂ ਬਹੁਤ ਜ਼ਿਆਦਾ ਸਪਲਾਈ ਦੀ ਜ਼ਰੂਰਤ ਹੈ। ਸਪਲਾਈ ਵਧਾਉਣ ਦੀ ਗੱਲ ਤਾਂ ਦੂਰ, ਸਾਡੀ ਆਮ ਸਪਲਾਈ ਹੀ ਬਹੁਤ ਘੱਟ ਹੋ ਗਈ ਹੈ ਤੇ ਦਿੱਲੀ ਦੇ ਕੋਟੇ ਨੂੰ ਹੋਰਨਾਂ ਰਾਜਾਂ ਵਿੱਚ ਭੇਜਿਆ ਗਿਆ ਹੈ।’
ਕੇਜਰੀਵਾਲ ਨੇ ਇਸ ਬਾਰੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਨੇ ਦਿੱਲੀ ਦੇ ਹਿੱਸੇ ਦੀ ਆਕਸੀਜਨ ਦੂਜੇ ਰਾਜਾਂ ਨੂੰ ਡਾਇਵਰਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ ਹੈ।
ਇਸ ’ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾਹ ਕਿ ਵੱਖੋ-ਵੱਖਰੇ ਰਾਜਾਂ ਨੂੰ 6,177 ਮੀਟ੍ਰਿਕ ਟਨ ਆਕਸੀਜਨ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਦਿੱਤੀ ਗਈ ਹੈ। ਆਉਂਦੀ 20 ਅਪ੍ਰੈਲ ਤੋਂ ਬਾਅਦ ਮਹਾਰਾਸ਼ਟਰ ਨੂੰ 1,500 ਮੀਟ੍ਰਿਕ ਟਨ, ਦਿੱਲੀ ਨੂੰ 350 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 800 ਮੀਟ੍ਰਿਕ ਟਨ ਆਕਸੀਜਨ ਉਪਲਬਧ ਕਰਵਾਈ ਜਾਵੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ਦੇ ਹਾਲਾਤ ਬਾਰੇ ਸੂਚਿਤ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਦਿੱਲੀ ’ਚ ਕੋਰੋਨਾ ਦੀ ਹਾਲਤ ਬਹੁਤ ਗੰਭੀਰ ਹੋ ਗਈ ਹੈ।
ਉੱਧਰ ਭਾਰਤੀ ਜਨਤਾ ਪਾਰਟੀ ਨੇ ਕੋਰੋਨਾ ਦੇ ਸੰਕਟ ਕਾਲ ’ਚ ਕੇਜਰੀਵਾਲ ਸਰਕਾਰ ਉੱਤੇ ਫ਼ੇਲ੍ਹ ਹੋਣ ਦਾ ਦੋਸ਼ ਲਾਇਆ ਹੈ। ਪਾਰਟੀ ਦੀ ਦਿੱਲੀ ਇਕਾਈ ਨੇ ਕਿਹਾ ਹੈ ਕਿ ਸੰਕਟ ਵਿੱਚ ਕੇਜਰੀਵਾਲ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਨੇ ਦਿੱਲਾ ਲਈ ਕਦੇ ਵੀ ਵਾਜਬ ਹਸਪਤਾਲ ਬੈੱਡ, ਆਕਸੀਜਨ ਜਾਂ ਰੇਮਡਿਸਿਵਿਰ ਦਾ ਸਟਾਕ ਇਕੱਠਾ ਕਰਨ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: Wheat Procurement: ਹਰਿਆਣਾ 'ਚ ਆੜ੍ਹਤੀਏ ਸਾਈਡਲਾਈਨ, ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਆਏ 1215 ਕਰੋੜ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin