Punjab News: ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿੱਚ ਕਾਲਜਾਂ ਦੀ ਗਿਣਤੀ 14 ਫੀਸਦੀ ਵਧ ਕੇ 1,111 ਹੋ ਗਈ ਹੈ, ਪਰ ਇਸੇ ਸਮੇਂ ਦੌਰਾਨ ਸੂਬੇ ਦੇ ਕਾਲਜਾਂ ਵਿੱਚ ਦਾਖਲਿਆਂ ਦੀ ਗਿਣਤੀ ਵਿੱਚ 28 ਫੀਸਦੀ ਦੀ ਹੈਰਾਨੀਜਨਕ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਰਾਜ ਦੇ ਉੱਚ ਸਿੱਖਿਆ ਵਿਭਾਗ ਦੇ ਕੰਮਕਾਜ ਬਾਰੇ ਆਪਣੀ ਤਾਜ਼ਾ ਆਡਿਟ ਰਿਪੋਰਟ ਵਿੱਚ ਕੀਤਾ ਹੈ। ਕੈਗ ਨੇ ਇਹ ਵੀ ਪਾਇਆ ਹੈ ਕਿ ਸੂਬੇ ਦੇ ਕਾਲਜਾਂ ਵਿੱਚ ਅਧਿਆਪਕਾਂ ਦੀਆਂ 27-54 ਫੀਸਦੀ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਲਈ ਵਿਭਾਗ ਕੋਈ ਗੰਭੀਰ ਕਦਮ ਨਹੀਂ ਚੁੱਕ ਰਿਹਾ।


ਰਿਪੋਰਟ ਵਿੱਚ ਕਾਲਜਾਂ ਦੀ ਵਧਦੀ ਗਿਣਤੀ ਦੀ ਸ਼ਲਾਘਾ ਕਰਦਿਆਂ ਇਹ ਸਵਾਲ ਵੀ ਉਠਾਇਆ ਗਿਆ ਹੈ ਕਿ ਕਾਲਜਾਂ ਦਾ ਵਿਸਤਾਰ ਬੇਨਿਯਮੀ ਹੈ। ਕਈ ਖੇਤਰਾਂ ਵਿੱਚ ਕਈ ਕਾਲਜ ਖੁੱਲ੍ਹ ਚੁੱਕੇ ਹਨ ਜਦੋਂ ਕਿ ਕੁਝ ਖੇਤਰਾਂ ਵਿੱਚ ਇੱਕ ਵੀ ਕਾਲਜ ਨਹੀਂ ਹੈ। ਉਂਝ ਰਾਜ ਵਿੱਚ ਪ੍ਰਤੀ ਇੱਕ ਲੱਖ ਆਬਾਦੀ ਪਿੱਛੇ 29-35 ਕਾਲਜ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੀਆਂ 33 ਸਬ-ਡਿਵੀਜ਼ਨਾਂ ਵਿੱਚੋਂ 17 ਸਰਕਾਰੀ ਕਾਲਜ ਹਨ, ਪਰ 10 ਸਬ-ਡਵੀਜ਼ਨਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਇੱਕ ਵੀ ਕਾਲਜ ਨਹੀਂ ਹੈ। ਰਾਜ ਵਿੱਚ ਜਿੱਥੇ 2010-11 ਵਿੱਚ ਕਾਲਜਾਂ ਦੀ ਕੁੱਲ ਗਿਣਤੀ 973 ਸੀ, ਉਹ 2019-20 ਵਿੱਚ ਵੱਧ ਕੇ 1111 ਹੋ ਗਈ ਹੈ। ਇਸ ਤਰ੍ਹਾਂ ਕਾਲਜਾਂ ਦੀ ਗਿਣਤੀ ਵਿੱਚ 14.18% ਦਾ ਵਾਧਾ ਹੋਇਆ ਹੈ।


ਕੈਗ ਨੇ ਆਪਣੀ ਰਿਪੋਰਟ ਵਿੱਚ ਸਿਫਾਰਸ਼ ਕੀਤੀ ਹੈ ਕਿ ਰਾਜ ਵਿੱਚ ਕਾਲਜ ਖੋਲ੍ਹਣ ਲਈ ਭੂਗੋਲਿਕ ਮੈਪਿੰਗ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਰਾਜ ਭਰ ਵਿੱਚ ਕਾਲਜ ਸਿੱਖਿਆ ਦੀ ਪ੍ਰਣਾਲੀ ਨੂੰ ਇੱਕਸਾਰ ਰੂਪ ਵਿੱਚ ਉਪਲਬਧ ਕਰਵਾਇਆ ਜਾ ਸਕੇ। ਕੈਗ ਨੇ ਹਰੇਕ ਸਬ-ਡਿਵੀਜ਼ਨ ਵਿੱਚ ਘੱਟੋ-ਘੱਟ ਇੱਕ ਕਾਲਜ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਕੈਗ ਨੇ ਦਾਖਲੇ ਵਧਾਉਣ ਦੇ ਤਰੀਕੇ ਲੱਭਣ ਦੀ ਵੀ ਸਿਫਾਰਿਸ਼ ਕੀਤੀ ਹੈ। ਇਸ ਤਹਿਤ ਯੂਨੀਵਰਸਿਟੀਆਂ ਵਿੱਚ ਹੋਸਟਲਾਂ ਦੀ ਸਮਰੱਥਾ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਆਡਿਟ ਵਿੱਚ ਕੈਗ ਨੇ ਇਹ ਵੀ ਪਾਇਆ ਹੈ ਕਿ ਸੂਬੇ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਦੇ ਰੁਝਾਨ ਵਿੱਚ ਭਾਰੀ ਗਿਰਾਵਟ ਆ ਰਹੀ ਹੈ। 2010-11 ਤੋਂ 2019-20 ਤੱਕ ਕਾਲਜਾਂ ਵਿੱਚ ਦਾਖਲਿਆਂ ਵਿੱਚ 28 ਫੀਸਦੀ ਦੀ ਕਮੀ ਆਈ ਹੈ।