Congress CWC Meet: ਉਦੈਪੁਰ ਵਿੱਚ 13 ਤੋਂ 15 ਮਈ ਤੱਕ ਹੋਣ ਜਾ ਰਹੇ ਚਿੰਤਨ ਸ਼ਿਵਰ ਨਾਲ ਕਾਂਗਰਸ ਵਿੱਚ ਕਿੰਨਾ ਕੁ ਬਦਲਾਅ ਹੋਵੇਗਾ, ਇਹ ਤਾਂ ਭਵਿੱਖ ਹੀ ਦੱਸੇਗਾ ਪਰ ਪਾਰਟੀ ਵਿੱਚ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ 'ਇੱਕ ਪਰਿਵਾਰ ਇੱਕ ਟਿਕਟ' ਦਾ ਫਾਰਮੂਲਾ ਲਾਗੂ ਕਰ ਸਕਦੀ ਹੈ। ਇਸ ਤੋਂ ਇਲਾਵਾ ‘ਇੱਕ ਵਿਅਕਤੀ ਇੱਕ ਅਹੁਦੇ’ ਦਾ ਨਿਯਮ ਵੀ ਬਣਾਇਆ ਜਾ ਸਕਦਾ ਹੈ।
ਕਾਂਗਰਸ ਕਮੇਟੀਆਂ ਵਿੱਚ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਤੇ ਔਰਤਾਂ ਨੂੰ 50 ਫੀਸਦੀ ਹਿੱਸਾ ਦੇਣ ਤੇ ਕਾਂਗਰਸ ਕਮੇਟੀਆਂ ਦਾ ਕਾਰਜਕਾਲ 3 ਸਾਲ ਦਾ ਕੀਤਾ ਜਾਵੇ। ਇਹ ਸਾਰੇ ਪ੍ਰਸਤਾਵ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਚਿੰਤਨ ਸ਼ਿਵਿਰ ਦੇ ਮੱਦੇਨਜ਼ਰ ਗਠਿਤ ਸੰਗਠਨ ਮਾਮਲਿਆਂ ਦੀ ਕਮੇਟੀ ਨੇ ਤਿਆਰ ਕੀਤੇ ਹਨ। ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਇਸ 'ਤੇ ਚਰਚਾ ਕੀਤੀ ਗਈ। ਉਦੈਪੁਰ 'ਚ ਵਿਆਪਕ ਚਰਚਾ ਤੋਂ ਬਾਅਦ ਇਨ੍ਹਾਂ ਬਦਲਾਵਾਂ 'ਤੇ ਮੋਹਰ ਲਗਾਈ ਜਾਵੇਗੀ।
ਕਾਂਗਰਸ ਦੇ ਸੀਨੀਅਰ ਆਗੂ ਤੇ ਸੰਗਠਨ ਕਮੇਟੀ ਦੇ ਮੈਂਬਰ ਅਨੁਸਾਰ ਇਕ ਪਰਿਵਾਰ ਇੱਕ ਟਿਕਟ’ ਦੇ ਨਿਯਮ ਵਿੱਚ ਉਨ੍ਹਾਂ ਨੇਤਾਵਾਂ ਲਈ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ, ਜਿਹੜੇ ਆਗੂ ਘੱਟੋ-ਘੱਟ ਪੰਜ ਸਾਲਾਂ ਤੋਂ ਜਥੇਬੰਦੀ ਲਈ ਕੰਮ ਕਰ ਰਹੇ ਹਨ। ਯਾਨੀ 'ਇਕ ਪਰਿਵਾਰ ਇਕ ਟਿਕਟ' ਦੇ ਨਿਯਮ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਭਾਵ ਗਾਂਧੀ ਪਰਿਵਾਰ ਦੇ ਇੱਕ ਤੋਂ ਵੱਧ ਵਿਅਕਤੀ ਚੋਣ ਲੜ ਸਕਣਗੇ।
ਸੂਤਰ ਮੁਤਾਬਕ ਇਹ ਨਿਯਮ ਉਨ੍ਹਾਂ ਨੇਤਾਵਾਂ ਦੇ ਧੀਆਂ-ਪੁੱਤਾਂ ਲਈ ਲਿਆਂਦਾ ਜਾ ਰਿਹਾ ਹੈ, ਜਿਨ੍ਹਾਂ ਦੀ ਚੋਣਾਂ ਸਮੇਂ ਪੈਰਾਸ਼ੂਟ ਐਂਟਰੀ ਹੁੰਦੀ ਹੈ ਪਰ ਜੇਕਰ ਕੋਈ ਆਗੂ ਪਰਿਵਾਰ ਤੋਂ ਇਲਾਵਾ ਸੰਗਠਨ 'ਚ ਸਰਗਰਮ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁੱਲ ਮਿਲਾ ਕੇ ਇਹ ਭਾਜਪਾ ਵੱਲੋਂ ਕਾਂਗਰਸ 'ਤੇ ਲਗਾਏ ਜਾ ਰਹੇ ਪਰਿਵਾਰਵਾਦ ਦੇ ਦੋਸ਼ਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਜਾਪਦੀ ਹੈ।
ਕਾਂਗਰਸ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਗੱਲ ਨਹੀਂ ਬਣ ਸਕੀ, ਪਰ ਉਨ੍ਹਾਂ ਵੱਲੋਂ ਕਾਂਗਰਸ ਨੂੰ ਦਿੱਤੇ ਸੁਝਾਵਾਂ ਦਾ ਅਸਰ ਦਿਖਾਈ ਦੇ ਰਿਹਾ ਹੈ। ਚੋਣਾਂ 'ਤੇ ਵਿਸ਼ੇਸ਼ ਧਿਆਨ ਦੇ ਕੇ ਚੋਣ ਪ੍ਰਬੰਧਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਨੂੰ ਸੌਂਪਣ ਦਾ ਵੀ ਪ੍ਰਸਤਾਵ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਲੋਕ ਸਭਾ ਹਲਕੇ ਵਿਚ ਇਕ-ਇਕ ਅਬਜ਼ਰਵਰ ਨਿਯੁਕਤ ਕਰਨ ਦੀ ਤਜਵੀਜ਼ ਹੈ, ਜੋ ਸਿੱਧੇ ਤੌਰ 'ਤੇ ਜਨਰਲ ਸਕੱਤਰ ਚੋਣ ਪ੍ਰਬੰਧਨ ਨੂੰ ਰਿਪੋਰਟ ਕਰਨਗੇ। ਇਸੇ ਤਰ੍ਹਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅਬਜ਼ਰਵਰ ਬਣਾਏ ਜਾ ਸਕਦੇ ਹਨ। ਮੁੱਖ ਅਹੁਦਾ ਸੰਭਾਲਣ ਤੋਂ ਬਾਅਦ ਤਿੰਨ ਸਾਲ ਦਾ ਕੂਲਿੰਗ ਆਫ ਪੀਰੀਅਡ ਦੇਣ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਕਾਂਗਰਸ ਸੰਸਦੀ ਬੋਰਡ ਨੂੰ ਮੁੜ ਸਰਗਰਮ ਕਰਨ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।