ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਤਿਹਾੜ ਜੇਲ੍ਹ ਜਾ ਕੇ ਸਾਬਕਾ ਕੇਂਦਰ ਮੰਤਰੀ ਪੀ ਚਿਦੰਬਰਮ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਚਿਦੰਬਰਮ ਨਾਲ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੇ ਵੀ ਤਿਹਾੜ ਜੇਲ੍ਹ ਜਾ ਕੇ ਮੁਲਾਕਾਤ ਕੀਤੀ ਸੀ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਸੀਬੀਆਈ ਨੇ ਆਈਐਨਐਕਸ ਮੀਡੀਆ ਕੇਸ ‘ਚ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਕੁਝ ਦਿਨਾਂ ਤਕ ਚਿਦੰਬਰਮ ਨੂੰ ਜਾਂਚ ਏਜੰਸੀ ਦੀ ਰਿਮਾਂਡ ‘ਤੇ ਤੇ ਬਾਅਦ ‘ਚ ਉਨ੍ਹਾਂ ਨੂੰ ਸਤੰਬਰ ‘ਚ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।


19 ਸਤੰਬਰ ਨੂੰ ਦਿੱਲੀ ਦੀ ਅਦਾਲਤ ਨੇ ਆਈਐਨਐਕਸ ਮੀਡੀਆ ਮਾਮਲੇ ‘ਚ ਚਿਦੰਬਰਮ ਦੀ ਨਿਆਇਕ ਹਿਰਾਸਤ ਦੀ ਸਮਾਂ ਸੀਮਾ ਤਿੰਨ ਅਕਤੂਬਰ ਤਕ ਵਧਾ ਦਿੱਤੀ ਸੀ। ਚਿਦੰਬਰਮ ਨੂੰ ਲੈ ਕੇ ਬੀਜੇਪੀ ਕਾਂਗਰਸ ‘ਤੇ ਨਿਸ਼ਾਨਾ ਸਾਧ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੁਮਾਇੰਦਿਆਂ ਨੇ ਚਿਦੰਬਰਮ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ ਕੋਸ਼ਿਸ਼ ਚਿਦੰਬਰਮ ਪ੍ਰਤੀ ਇੱਕਜੁਟ ਰਹਿਣ ਦੀ ਹੈ।

ਪਿਛਲੀ ਦਿਨੀਂ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਤੇ ਗੁਲਾਮ ਨਬੀ ਆਜ਼ਾਦ ਨੇ ਤਿਹਾੜ ਜੇਲ੍ਹ ਜਾ ਕੇ ਚਿਦੰਬਰਮ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਦਾ ਕਹਿਣਾ ਹੈ ਕਿ ਚਿਦੰਬਰਮ ‘ਤੇ ਮੋਦੀ ਸਰਕਾਰ ਰਾਜਨੀਤਕ ਬਦਲੇ ਦੀ ਕਾਰਵਾਈ ਕਰ ਰਹੀ ਹੈ।


ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਚਿਦੰਬਰਮ ਖਿਲਾਫ ਵੱਡੇ-ਵੱਡੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਾਂਗਰਸ ਨੇਤਾ ਦਾ ਦਾਅਵਾ ਹੈ ਕਿ ਇਹ ਰਾਜਨੀਤਕ ਬਦਲੇ ਦਾ ਸਭ ਤੋਂ ਵੱਡਾ ਉਦਾਹਰਨ ਹੈ। ਜੇਕਰ ਸਥਿਤੀ ਇਹੀ ਰਹੀ ਤਾਂ ਕੋਈ ਵੀ ਮੰਤਰੀ ਫਾਈਲਾਂ ‘ਤੇ ਸਾਈਨ ਨਹੀਂ ਕਰੇਗਾ।