UP Assembly Election 2022: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਔਰਤਾਂ ਲਈ ਵੱਖਰਾ ਮੈਨੀਫੈਸਟੋ ਜਾਰੀ ਕੀਤਾ। ਉੱਤਰ ਪ੍ਰਦੇਸ਼ ਕਾਂਗਰਸ ਨੇ ਮਹਿਲਾ ਚੋਣ ਮਨੋਰਥ ਪੱਤਰ ਨੂੰ ਸ਼ਕਤੀ ਵਿਧਾਨ ਦਾ ਨਾਂ ਦਿੱਤਾ ਹੈ। ਪ੍ਰਿਅੰਕਾ ਨੇ ਕਿਹਾ ਕਿ ਅਸੀਂ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ ਤਾਂ ਜੋ ਮਹਿਲਾ ਸਸ਼ਕਤੀਕਰਨ ਦੀ ਗੱਲ ਕਾਗਜ਼ਾਂ 'ਤੇ ਹੀ ਨਾ ਰਹੇ। ਕਾਂਗਰਸ ਪਾਰਟੀ ਨੇ ਦੇਸ਼ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦਿੱਤੀ।



ਔਰਤਾਂ ਲਈ ਵੱਡੇ-ਵੱਡੇ ਵਾਅਦੇ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਯੂਪੀ ਵਿੱਚ 8 ਲੱਖ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਮਨਰੇਗਾ ਵਿੱਚ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਸਰਕਾਰੀ ਅਹੁਦਿਆਂ 'ਤੇ 40 ਫੀਸਦੀ ਔਰਤਾਂ ਨੂੰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਲਈ 10 ਰਿਹਾਇਸ਼ੀ ਖੇਡ ਅਕੈਡਮੀਆਂ, ਲੜਕੀਆਂ ਲਈ ਸ਼ਾਮ ਦੇ ਸਕੂਲ ਖੋਲ੍ਹੇ ਜਾਣਗੇ। ਪ੍ਰਿਅੰਕਾ ਨੇ ਔਰਤਾਂ ਲਈ ਮੁਫਤ ਬੱਸ ਸੇਵਾ ਦਾ ਵੀ ਵਾਅਦਾ ਕੀਤਾ।

ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵਾਂਗੇ: ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਭਾਰਤੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਸਿਰਫ਼ 15 ਫ਼ੀਸਦੀ ਹੈ। ਕਾਂਗਰਸ ਨੇ ਇਸ ਉਦਾਸ ਤਸਵੀਰ ਨੂੰ ਬਦਲਣ ਦਾ ਸੰਕਲਪ ਲਿਆ ਹੈ। ਅਸੀਂ 40 ਫੀਸਦੀ ਟਿਕਟਾਂ ਔਰਤਾਂ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਰਾਜ ਦੀਆਂ ਉਨ੍ਹਾਂ ਔਰਤਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਦਾ ਸਮੂਹਿਕ ਪ੍ਰਗਟਾਵਾ ਹੈ ਜੋ ਮੌਜੂਦਾ ਸਰਕਾਰ ਵਿੱਚ ਬੇਮਿਸਾਲ ਹਿੰਸਾ, ਸ਼ੋਸ਼ਣ ਤੇ ਔਰਤ ਵਿਰੋਧੀ ਵਿਚਾਰਧਾਰਾ ਦਾ ਸਾਹਮਣਾ ਕਰ ਰਹੀਆਂ ਹਨ। ਔਰਤਾਂ ਹੁਣ ਬੇਇਨਸਾਫ਼ੀ ਸਹਿਣ ਲਈ ਤਿਆਰ ਨਹੀਂ ਹਨ। ਇਸੇ ਲਈ ਅਸੀਂ ਔਰਤਾਂ ਦਾ ਮੈਨੀਫੈਸਟੋ ਬਣਾਇਆ ਹੈ। ਇਸ ਦੇ ਛੇ ਭਾਗ ਹਨ- ਸਵੈ-ਮਾਣ, ਸਵੈ-ਨਿਰਭਰ, ਸਿੱਖਿਆ, ਸਨਮਾਨ, ਸੁਰੱਖਿਆ ਤੇ ਸਿਹਤ।

ਮੈਨੀਫੈਸਟੋ ਵਿੱਚ ਪ੍ਰਿਅੰਕਾ ਗਾਂਧੀ ਨੇ ਵੱਡੇ ਵਾਅਦੇ ਕਰਦਿਆਂ ਕਿਹਾ ਕਿ ਔਰਤਾਂ ਨੂੰ ਸਸਤੇ ਕਰਜ਼ੇ, ਕੰਮਕਾਜੀ ਔਰਤਾਂ ਲਈ 25 ਸ਼ਹਿਰਾਂ ਵਿੱਚ ਹੋਸਟਲ, 10 ਹਜ਼ਾਰ ਮਾਣ ਭੱਤਾ, ਹੈਲਪ ਗਰੁੱਪਾਂ ਨੂੰ 4 ਫ਼ੀਸਦੀ ਕਰਜ਼ਾ ਅਤੇ 50 ਫ਼ੀਸਦੀ ਰਾਸ਼ਨ ਦੀਆਂ ਦੁਕਾਨਾਂ ਔਰਤਾਂ ਵੱਲੋਂ ਚਲਾਈਆਂ ਜਾਣਗੀਆਂ।

ਔਰਤਾਂ ਨੂੰ ਹਰ ਸਾਲ ਤਿੰਨ ਗੈਸ ਸਿਲੰਡਰ ਮੁਫਤ ਮਿਲਣਗੇ: ਵਾਡਰਾ
ਵਾਡਰਾ ਨੇ ਕਿਹਾ ਕਿ ਗ੍ਰੈਜੂਏਸ਼ਨ ਵਿੱਚ ਦਾਖ਼ਲਾ ਲੈਣ ਵਾਲੀਆਂ ਕੁੜੀਆਂ ਨੂੰ ਸਕੂਟੀ ਮਿਲੇਗੀ। ਔਰਤਾਂ ਨੂੰ ਹਰ ਸਾਲ ਤਿੰਨ ਗੈਸ ਸਿਲੰਡਰ ਮੁਫਤ ਮਿਲਣਗੇ। ਪਰਿਵਾਰ ਵਿੱਚ ਪੈਦਾ ਹੋਣ ਵਾਲੀ ਹਰ ਬੱਚੀ ਲਈ ਇੱਕ ਐਫਡੀ ਕੀਤੀ ਜਾਵੇਗੀ। ਅਸੀਂ ਪੁਲਿਸ ਫੋਰਸ ਵਿੱਚ 25% ਔਰਤਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ।