ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਮਹਾਮਾਰੀ ਦਾ ਕਹਿਰ ਦੇਸ਼ ਭਰ 'ਚ ਲਗਾਤਾਰ ਜਾਰੀ ਹੈ। ਐਤਵਾਰ ਨੂੰ ਹਰਿਆਣਾ 'ਚ ਕੋਵਿਡ-19 (COVID 19) ਦੇ ਮਰਿਜ਼ਾਂ ਦੀ ਗਿਣਤੀ ਦੋ ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 2056 ਹੋ ਗਈ ਹੈ ਤੇ ਅੰਕੜਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
ਪਹਿਲਾਂ 1 ਹਜ਼ਾਰ ਮਰੀਜ਼ 65 ਦਿਨਾਂ ਵਿੱਚ ਆਏ, ਜਦੋਂ ਕਿ 2 ਹਜ਼ਾਰ ਮਰੀਜ਼ ਸਿਰਫ 11 ਦਿਨਾਂ ਵਿੱਚ ਆ ਗਏ। ਇਸ ਤੋਂ ਇਹ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ ਕਿ ਕੋਰੋਨਾਵਾਇਰਸ ਕਿਸ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਹਰਿਆਣਾ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਹੁਣ ਮਰੀਜ਼ 10 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ।
ਰਾਜ ਦਾ ਪਹਿਲਾ ਕੇਸ 17 ਮਾਰਚ ਨੂੰ ਆਇਆ ਸੀ, ਇਸ ਤੋਂ ਬਾਅਦ 21 ਮਈ ਨੂੰ ਮਰੀਜ਼ 1 ਹਜ਼ਾਰ ਹੋ ਗਏ ਸਨ ਤੇ ਹੁਣ 31 ਮਈ ਨੂੰ ਮਰੀਜ਼ 2 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਐਤਵਾਰ ਨੂੰ ਰਾਜ ਭਰ ਵਿੱਚ 133 ਨਵੇਂ ਮਰੀਜ਼ ਆਏ। ਇੱਕ ਵਾਰ ਫਿਰ, ਸਭ ਤੋਂ ਵੱਧ ਮਰੀਜ਼ ਗੁੜਗਾਉਂ ਵਿੱਚ ਆਏ।
ਇੱਥੇ 82 ਮਰੀਜ਼ ਮਿਲੇ ਸਨ ਜਦਕਿ ਫਰੀਦਾਬਾਦ ਵਿੱਚ 21ਮਰੀਜ਼, ਭਿਵਾਨੀ ਵਿੱਚ 20, ਹਿਸਾਰ ਵਿੱਚ 9, ਪਲਵਲ ਵਿੱਚ 1 ਮਰੀਜ਼ ਪਾਏ ਗਏ। ਇਸ ਦੇ ਨਾਲ ਹੀ ਇਹ ਰਾਜ ਲਈ ਰਾਹਤ ਦੀ ਗੱਲ ਹੈ ਕਿ 77 ਮਰੀਜ਼ ਠੀਕ ਵੀ ਹੋਏ ਹਨ।
ਗੁੜਗਾਉਂ ਵਿੱਚ 60, ਫਰੀਦਾਬਾਦ ਵਿੱਚ 15 ਅਤੇ ਸੋਨੀਪਤ ਵਿੱਚ 2 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਜ ਵਿੱਚ ਹੁਣ 973 ਮਰੀਜ਼ ਐਕਟਿਵ ਕੋਰੋਨਾ ਮਰੀਜ਼ ਹਨ। ਰਾਜ ਵਿੱਚ ਹੁਣ ਤੱਕ 1 ਲੱਖ 16 ਹਜ਼ਾਰ 407 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਲੱਖ 9 ਹਜ਼ਾਰ 998 ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ ਜਦੋਂ ਕਿ 4353 ਦੀ ਰਿਪੋਰਟ ਦਾ ਇੰਤਜ਼ਾਰ ਹੈ। ਰਾਜ ਵਿੱਚ ਰਿਕਵਰੀ ਦੀ ਦਰ 51.35 ਪ੍ਰਤੀਸ਼ਤ ਹੈ।