ਨਵੀਂ ਦਿੱਲੀ: ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈਟ ਨੇ ਦਾਅਵਾ ਕੀਤਾ ਹੈ ਕਿ 30 ਮਈ (ਸ਼ਨੀਵਾਰ) ਨੂੰ ਮਾਨਸੂਨ ਕੇਰਲ ਦੇ ਤੱਟ ਨਾਲ ਟਕਰਾ ਗਿਆ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਦੋ ਦਿਨ ਪਹਿਲਾਂ ਮਾਨਸੂਨ ਕੇਰਲ ਪਹੁੰਚ ਗਿਆ।


ਆਈਐਮਡੀ ਨੇ 1 ਜੂਨ ਨੂੰ ਮਾਨਸੂਨ ਦੀ ਆਮਦ ਦੀ ਗੱਲ ਕੀਤੀ ਸੀ।



ਮੌਸਮ ਵਿਭਾਗ ਨੇ ਅਪ੍ਰੈਲ ਵਿੱਚ ਕਿਹਾ ਸੀ ਕਿ ਇਸ ਵਾਰ ਮੌਨਸੂਨ ਔਸਤ ਰਹਿਣ ਵਾਲਾ ਹੈ। ਵਿਭਾਗ ਅਨੁਸਾਰ 96 ਤੋਂ 100% ਬਾਰਸ਼ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ। ਪਿਛਲੇ ਸਾਲ, ਇਹ ਅੱਠ ਦਿਨਾਂ ਦੀ ਦੇਰੀ ਨਾਲ 8 ਜੂਨ ਨੂੰ ਕੇਰਲਾ ਤੱਟ 'ਤੇ ਆਇਆ ਸੀ। ਭਾਰਤ ‘ਚ ਜੂਨ ਅਤੇ ਸਤੰਬਰ ਦੇ ਵਿਚਕਾਰ ਦੱਖਣ-ਪੱਛਮੀ ਮਾਨਸੂਨ ਤੋਂ ਬਾਰਸ਼ ਹੁੰਦੀ ਹੈ।


ਮਾਨਸੂਨ ਭਾਰਤ ਵਰਗੇ ਖੇਤੀਬਾੜੀ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਆਰਥਿਕਤਾ ਦਾ ਵੱਡਾ ਹਿੱਸਾ ਖੇਤੀਬਾੜੀ ਅਧਾਰਤ ਹੈ। ਦੇਸ਼ ਦੀ ਅੱਧੀ ਤੋਂ ਵੱਧ ਖੇਤੀ ਸਿੰਚਾਈ ਲਈ ਮੀਂਹ 'ਤੇ ਨਿਰਭਰ ਕਰਦੀ ਹੈ। ਚੌਲਾਂ, ਮੱਕੀ, ਗੰਨੇ, ਕਪਾਹ ਤੇ ਸੋਇਆਬੀਨ ਦੀਆਂ ਫਸਲਾਂ ਲਈ ਬਾਰਸ਼ ਬਹੁਤ ਮਹੱਤਵਪੂਰਨ ਹੈ।




ਤੂਫਾਨ ਅਰਬ ਸਾਗਰ ‘ਤੇ ਸਰਗਰਮ:

ਆਈਐਮਡੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ 48 ਘੰਟਿਆਂ ਵਿੱਚ ਅਰਬ ਸਾਗਰ ‘ਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਜਾਵੇਗਾ ਤੇ ਇਹ 3 ਜੂਨ ਤੱਕ ਗੁਜਰਾਤ ਤੇ ਉੱਤਰੀ ਮਹਾਰਾਸ਼ਟਰ ਦੇ ਤੱਟਾਂ ਵੱਲ ਵਧ ਜਾਵੇਗਾ। ਅਰਬ ਸਾਗਰ ਦੇ ਉਪਰ ਦੋ ਤੂਫ਼ਾਨ ਬਣ ਰਹੇ ਹਨ, ਜਿਨ੍ਹਾਂ 'ਚੋ ਇੱਕ ਅਫ਼ਰੀਕੀ ਤੱਟ ਨਾਲ ਲੱਗਦੇ ਖੇਤਰ ਦੇ ਉੱਪਰ ਹੈ। ਇਹ ਓਮਾਨ ਅਤੇ ਯਮਨ ਵੱਲ ਵਧ ਸਕਦਾ ਹੈ, ਜਦੋਂ ਕਿ ਦੂਜਾ ਭਾਰਤ ਦੇ ਨੇੜੇ ਹੈ।