ਨਵੀਂ ਦਿੱਲੀ: ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਨਹੀਂ ਬਲਕਿ ਮਨੁੱਖਾਂ ਤੋਂ ਫੈਲਦਾ ਹੈ। ਇਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਲੱਗੇ ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਲਹਿਰ ਦੌਰਾਨ ਘੱਟ ਸਾਵਧਾਨੀ ਦੇ ਉਪਾਅ ਤੇ ਘੱਟ ਪ੍ਰਤੀਰੋਧ ਦੇ ਮਿਸ਼ਰਤ ਕਾਰਨਾਂ ਕਰਕੇ ਦੂਜੀ ਲਹਿਰ ਫੈਲ ਰਹੀ ਹੈ।
ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਵਾਇਰਸ ਜਾਨਵਰਾਂ ਦੁਆਰਾ ਨਹੀਂ ਫੈਲਦਾ। ਇਹ ਮਨੁੱਖ ਤੋਂ ਮਨੁੱਖ ਵਿਚ ਫੈਲਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਟੀਕਾ ਲਾਇਆ ਗਿਆ ਹੈ, ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਦੇ ਸਰੀਰ ਵਿੱਚ ਦਰਦ ਤੇ ਬੁਖਾਰ ਵਰਗੇ ਲੱਛਣ ਮਹਿਸੂਸ ਹੋਣ। ਜੇ ਤੁਸੀਂ ਇਸ ਲੱਛਣ ਨੂੰ ਮਹਿਸੂਸ ਨਹੀਂ ਕਰ ਰਹੇ, ਤਾਂ ਤੁਸੀਂ ਆਮ (ਨਾਰਮਲ) ਹੋ ਸਕਦੇ ਹੋ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ।
ਉਨ੍ਹਾਂ ਕਿਹਾ ਕਿ ਬਦਲਦੇ ਵਾਇਰਸ ਪ੍ਰਤੀ ਪ੍ਰਤੀਕ੍ਰਿਆ ਉਹੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਕੋਵਿਡ ਨੂੰ ਢੁਕਵੇਂ ਵਿਹਾਰ ਵਿੱਚ ਰੱਖਣ ਦੀ ਜ਼ਰੂਰਤ ਹੈ ਜਿਵੇਂ ਮਾਸਕ ਲਾਉਣਾ, ਆਪਸ ਵਿੱਚ ਦੂਰੀ ਬਣਾਈ ਰੱਖਣਾ, ਸਾਫ਼-ਸਫ਼ਾਈ ਕਰਨਾ। ਕੋਈ ਗੈਰ-ਜ਼ਰੂਰੀ ਮੀਟਿੰਗ ਨਾ ਕਰੋ ਤੇ ਘਰ ਵਿਚ ਰਹੋ।
ਪਾਲ ਨੇ ਕਿਹਾ ਕਿ ਇਸ ਬਿਮਾਰੀ ਵਿਰੁੱਧ ਲੰਮੀ ਲੜਾਈ ਚਲੇਗੀ। ਉਨ੍ਹਾਂ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਡੇ ਡਾਕਟਰ ਭਾਈਚਾਰਾ ਕੋਵਿਡ ਤੋਂ ਪ੍ਰਭਾਵਿਤ ਵਿਅਕਤੀਆਂ ਤੇ ਪਰਿਵਾਰਾਂ ਨੂੰ ਟੈਲੀਫੋਨ ਰਾਹੀਂ ਸਲਾਹ ਦੇਣ। ਡਾਕਟਰ ਐਸੋਸੀਏਸ਼ਨ ਨੂੰ ਇੱਕ ਕਾਲ ਸੈਂਟਰ ਸਥਾਪਤ ਕਰਨਾ ਚਾਹੀਦਾ ਹੈ ਜਿੱਥੇ ਲੋਕਾਂ ਨੂੰ ਪਤਾ ਹੋਵੇ ਕਿ ਅਸਲ ਵਿੱਚ ਕਿਸ ਨੂੰ ਕਾਲ ਕਰਨਾ ਹੈ। ਸਾਨੂੰ ਇਸ ਪ੍ਰਣਾਲੀ ਨੂੰ ਪ੍ਰਸਿੱਧ ਬਣਾਉਣ ਦੀ ਜ਼ਰੂਰਤ ਹੈ। ਇਸਦੇ ਲਈ ਮਾਹਰ ਦੀ ਜਰੂਰਤ ਨਹੀਂ ਹੈ, ਜਨਰਲ ਡਾਕਟਰ ਵੀ ਲੋਕਾਂ ਨੂੰ ਸੇਧ ਦੇ ਸਕਦਾ ਹੈ। ਇਹ ਸਮੇਂ ਦੀ ਲੋੜ ਹੈ।
ਜਾਨਵਰ ਤੋਂ ਮਨੁੱਖ ਵਿੱਚ ਇਹ ਬਿਮਾਰੀ ਨਾ ਫੈਲਣ ਬਾਰੇ ਸਰਕਾਰ ਦਾ ਸਪਸ਼ਟੀਕਰਨ ਉਦੋਂ ਆਇਆ ਜਦੋਂ ਕੁਝ ਦਿਨ ਪਹਿਲਾਂ ਹੈਦਰਾਬਾਦ ਦੇ ਨਹਿਰੂ ਜ਼ੂਲੋਜੀਕਲ ਪਾਰਕ ਵਿੱਚ ਅੱਠ ਏਸ਼ੀਆਟਿਕ ਸ਼ੇਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ।