ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੇ ਇਕ ਵਾਰ ਫਿਰ ਸਾਰਿਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਨ੍ਹੀਂ ਦਿਨੀਂ ਹਰ ਰੋਜ਼ 10 ਹਜ਼ਾਰ ਤੋਂ ਵੱਧ ਕੇਸ ਆ ਰਹੇ ਹਨ। ਅਜਿਹੇ 'ਚ ਕੇਂਦਰ ਸਰਕਾਰ ਨੇ 14 ਸੂਬਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਹ ਉਹ ਰਾਜ ਹਨ, ਜਿੱਥੇ ਹਰ ਹਫ਼ਤੇ ਵੱਡੀ ਗਿਣਤੀ ਵਿੱਚ ਨਵੇਂ ਕੇਸ ਆ ਰਹੇ ਹਨ। ਇਸ ਤੋਂ ਇਲਾਵਾ ਇੱਥੇ ਸਕਾਰਾਤਮਕਤਾ ਦਰ ਵੀ ਔਸਤ ਤੋਂ ਉਪਰ ਹੈ। ਕੇਂਦਰ ਮੁਤਾਬਕ ਇਨ੍ਹਾਂ ਰਾਜਾਂ ਵਿੱਚ ਵੀ ਕੋਰੋਨਾ ਦੇ ਟੈਸਟ ਘੱਟ ਹੋ ਰਹੇ ਹਨ। ਇਨ੍ਹੀਂ ਦਿਨੀਂ ਸਭ ਤੋਂ ਵੱਧ ਮਾਮਲੇ ਦਿੱਲੀ, ਮਹਾਰਾਸ਼ਟਰ, ਕੇਰਲ, ਕਰਨਾਟਕ ਤੇ ਤੇਲੰਗਾਨਾ ਤੋਂ ਆ ਰਹੇ ਹਨ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਇਨ੍ਹਾਂ ਰਾਜਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਉਹ ਰਾਜ ਜਿੱਥੇ 1 ਜੂਨ ਤੋਂ ਕੋਰੋਨਾ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਉਹ ਹਨ - ਅਸਾਮ, ਗੋਆ, ਗੁਜਰਾਤ, ਹਰਿਆਣਾ, ਮੇਘਾਲਿਆ, ਮਿਜ਼ੋਰਮ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ, ਕੇਰਲ, ਕਰਨਾਟਕ, ਤੇਲੰਗਾਨਾ ਤੇ ਪੱਛਮੀ ਬੰਗਾਲ।

ਜਨਤਕ ਸਮਾਗਮਾਂ ਵਿੱਚ ਹਿੱਸਾ ਲੈਣ ਵਾਲਿਆਂ 'ਤੇ ਰੱਖੋ ਨਜ਼ਰ
ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਤੀਰਥ ਯਾਤਰਾ 'ਤੇ ਜਾਣ ਵਾਲੇ ਲੋਕਾਂ ਵਿੱਚ ਕੋਵਿਡ-19 ਦੀ ਲਾਗ ਵਰਗੇ ਲੱਛਣ ਨਾ ਹੋਣ। ਨਾਲ ਹੀ ਇਹ ਦੇਖਣ ਲਈ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਟੀਕੇ ਲੱਗੇ ਹੋਣ।

ਇਸ ਸਬੰਧੀ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਗਿਆ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਵੱਖ-ਵੱਖ ਤਿਉਹਾਰਾਂ ਅਤੇ ਯਾਤਰਾਵਾਂ ਦੇ ਮੱਦੇਨਜ਼ਰ ਆਉਣ ਵਾਲੇ ਮਹੀਨਿਆਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੀੜ ਵਧ ਸਕਦੀ ਹੈ। ਅਜਿਹੇ ਪ੍ਰੋਗਰਾਮ ਕੋਵਿਡ-19 ਸਮੇਤ ਹੋਰ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਵੜਾਵਾ ਦੇ ਸਕਦੇ ਹਨ।

ਇਨ੍ਹਾਂ ਲੋਕਾਂ ਦਾ ਰੱਖੋ ਖਾਸ ਖਿਆਲ
ਭੂਸ਼ਣ ਨੇ ਪੱਤਰ ਵਿੱਚ ਕਿਹਾ ਹੈ ਕਿ ਅਜਿਹੇ ਸਮਾਗਮਾਂ ਦੇ ਆਯੋਜਕਾਂ ਅਤੇ ਰਾਜਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤਾਇਨਾਤ ਸਿਹਤ ਕਰਮਚਾਰੀਆਂ, ਫਰੰਟਲਾਈਨ ਸਟਾਫ ਅਤੇ ਵਲੰਟੀਅਰਾਂ ਵਿੱਚ ਕੋਵਿਡ -19 ਨਾਲ ਜੁੜੇ ਲੱਛਣ ਨਹੀਂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ। ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ (ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਫੇਫੜੇ/ਜਿਗਰ/ਕਿਡਨੀ ਦੀ ਪੁਰਾਣੀ ਬਿਮਾਰੀ ਆਦਿ) ਨਾਲ ਜੂਝ ਰਹੇ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੈ।

ਲਗਾਤਾਰ ਵੱਧ ਰਹੇ ਕੇਸ
ਦੱਸ ਦੇਈਏ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 11,793 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,34,18,839 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 96,700 ਹੋ ਗਈ ਹੈ।

ਮੰਗਲਵਾਰ ਨੂੰ ਕੇਰਲ ਵਿੱਚ ਕੋਵਿਡ-19 ਦੇ 4,459 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 17 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਗੋਆ ਵਿੱਚ ਸੰਕਰਮਣ ਦੇ 168 ਨਵੇਂ ਮਾਮਲੇ ਸਾਹਮਣੇ ਆਏ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਤੇ ਓਡੀਸ਼ਾ ਵਿੱਚ ਤਿੰਨ ਮਹੀਨਿਆਂ ਬਾਅਦ 113 ਨਵੇਂ ਮਾਮਲੇ ਸਾਹਮਣੇ ਆਏ।