ਮੁੰਬਈ: ਇੱਥੋਂ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਕਾਰਵਾਈ ਕਰਦਿਆਂ 2 ਵਿਦੇਸ਼ੀ ਨਾਗਰਿਕਾਂ ਨੂੰ 25 ਕਰੋੜ ਰੁਪਏ ਦੇ ਡ੍ਰਗਸ ਨਾਲ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਵਿਦੇਸ਼ੀ ਨਾਗਰਿਕਾਂ 'ਚ ਮਾਂ-ਧੀ ਦਾ ਰਿਸ਼ਤਾ ਹੈ। ਮਾਂ ਤੇ ਧੀ ਦੀ ਜੋੜੀ ਵਿਦੇਸ਼ੀ ਸੈਲਾਨੀ ਬਣ ਕੇ ਮੁੰਬਈ ਪਹੁੰਚੀ ਸੀ। ਜਿੱਥੇ ਇਨ੍ਹਾਂ ਦੋਵਾਂ ਤੋਂ ਡ੍ਰਗਸ ਦੀ ਏਨੀ ਵੱਡੀ ਖੇਪ ਬਰਾਮਦ ਕੀਤੀ ਗਈ।
ਮੁੰਬਈ ਏਅਰਪੋਰਟ ਦੇ ਕਸਟਮ ਇੰਟੈਲੀਜੈਂਸ ਵਿੰਗ ਵੱਲੋਂ ਫੜ੍ਹੇ ਜਾਣ ਤੋਂ ਬਾਅਦ ਮਹਿਲਾ ਨੇ ਦੱਸਿਆ ਕਿ ਉਹ ਭਾਰਤ ਕੈਂਸਰ ਦਾ ਇਲਾਜ ਕਰਵਾਉਣ ਆ ਰਹੀ ਸੀ। ਦੋਵਾਂ ਨੇ ਦੱਸਿਆ ਕਿ ਉਹ ਸਾਊਥ ਅਫਰੀਕਾ ਦੇ ਜੋਂਹਨਸਬਰਗ ਤੋਂ ਕਤਰ ਦੇਸ਼ ਦੇ ਦੋਹਾ ਹੁੰਦਿਆਂ ਮੁੰਬਈ ਪਹੁੰਚੀਆਂ।
ਸੂਟਕੇਸ 'ਚ ਖਾਸ ਕੈਵਿਟੀ ਬਣਾ ਕੇ ਰੱਖਿਆ ਸੀ ਡ੍ਰਗਸ
ਮਾਂ-ਧੀ ਨੇ ਆਪਣੇ ਸੂਟਕੇਸ 'ਚ ਖਾਸ ਕੈਵਿਟੀ ਬਣਾ ਕੇ 5 ਕਿੱਲੋ ਕਰੀਬ ਹੈਰੋਇਨ ਲੁਕਾ ਕੇ ਰੱਖੀ ਸੀ। ਕਾਲੇ ਰੰਗ ਦੇ ਪੈਕੇਟ 'ਚ ਡ੍ਰਗਸ ਨੂੰ ਬਹੁਤ ਹੀ ਸਾਵਧਾਨੀ ਨਾਲ ਲੁਕਾਇਆ ਸੀ। ਮੁੰਬਈ ਹਵਾਈ ਅੱਡੇ ਦੇ ਬੌਰਡਰ ਫੀਸ ਵਿਭਾਗ ਨੇ ਐਨਡੀਪੀਐਸ ਐਕਟ ਦੇ ਤਹਿਤ 4.953 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਯਤਨਾਂ 'ਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਬਤ ਕੀਤੀ ਗਈ ਹੈਰੋਇ ਦੀ ਕੁੱਲ ਕੀਮਤ ਕਰੀਬ 25 ਕਰੋੜ ਰੁਪਏ ਹੈ। ਦੋਵੇਂ ਭਾਰਤ 'ਚ ਫੇਫੜਿਆ ਦੇ ਕੈਂਸਰ ਦੇ ਇਲਾਜ ਦੇ ਬਹਾਨੇ ਯਾਤਰਾ ਕਰ ਰਹੇ ਸਨ। ਕਸਟਮ ਸੂਤਰਾਂ ਦੇ ਮੁਤਾਬਕ ਮਾਂ-ਧੀ ਡ੍ਰਗਸ ਤਸਕਰਾਂ ਨੂੰ ਡ੍ਰਗ ਮਾਫੀਆ ਵੱਲੋਂ ਲਾਲਚ ਦਿੱਤਾ ਗਿਆ ਸੀ। ਦੋਵਾਂ ਨੂੰ ਇਕ ਯਾਤਰਾ ਲਈ 5000 ਅਮਰੀਕੀ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਸਿੰਡੀਕੇਟ ਦਾ ਪਤਾ ਲਾਉਣ 'ਚ ਜੁੱਟੇ ਅਧਿਕਾਰੀ
ਦੋਵੇਂ ਮਹਿਲਾ ਯਾਤਰੀਆ ਨੂੰ ਗ੍ਰਿਫ਼ਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮੁੰਬਈ ਬੌਰਡਰ ਫੀਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਏ ਹਨ। ਭਾਰਤ 'ਚ ਡ੍ਰੱਗ ਰੈਕੇਟ 'ਚ ਸ਼ਾਮਿਲ ਇਹ ਡ੍ਰੱਗ ਦੀ ਖੇਪ ਕਿਸ ਨੂੰ ਪਹੁੰਚਾਈ ਜਾਣੀ ਸੀ ਤੇ ਕਦੋਂ ਤੋਂ ਇਹ ਡ੍ਰੱਗ ਦਾ ਖੇਡ ਚੱਲ ਰਿਹਾ ਹੈ। ਇਹ ਤਮਾਮ ਜਾਣਕਾਰੀ ਇਕੱਠੀ ਕਰਨ ਲਈ ਕਸਟਮ ਇੰਟੈਲੀਜੈਂਸ ਵਿੰਗ ਜੁੱਟ ਗਿਆ ਹੈ। ਇਸ ਦੇ ਨਾਲ ਹੀ ਸਿੰਡੀਕੇਟ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।