Delhi Pollution : ਦਿੱਲੀ ਦਾ ਪ੍ਰਦੂਸ਼ਣ ਲੋਕਾਂ ਲਈ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਇਹ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ। ਦਿੱਲੀ ਦੇ ਵਧਦੇ ਪ੍ਰਦੂਸ਼ਣ ਕਾਰਨ ਦਿੱਲੀ ਵਾਸੀ ਕਾਫੀ ਪਰੇਸ਼ਾਨ ਹਨ। ਹਾਲਾਂਕਿ, ਪਿਛਲੇ ਕੁਝ ਦਿਨਾਂ ਵਿੱਚ ਦਿੱਲੀ ਦੀ ਹਵਾ ਦੀ ਗੁਣਵੱਤਾ (AQI Level) ਵਿੱਚ ਸੁਧਾਰ ਦਰਜ ਕੀਤਾ ਗਿਆ ਸੀ।


13 ਫਰਵਰੀ ਨੂੰ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਲੰਬੇ ਸਮੇਂ ਬਾਅਦ ਦਿੱਲੀ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਸੀ। ਜਿਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  (CM Arvind Kejriwal) ਨੇ ਦਿੱਲੀ ਵਾਸੀਆਂ ਦੇ ਲਗਾਤਾਰ ਯਤਨਾਂ ਦੀ ਤਾਰੀਫ਼ ਦੇ ਬਹਾਨੇ ਉਨ੍ਹਾਂ ਦੀ ਪਿੱਠ ਵੀ ਥਪਥਪਾਈ ਸੀ ਪਰ ਉਸ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਦਿੱਲੀ ਇੱਕ ਵਾਰ ਫਿਰ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਉਹ ਵੀ ਦੂਜੇ ਨੰਬਰ 'ਤੇ।

 


 

ਜਨਵਰੀ ਦੇ ਆਖਰੀ ਦਿਨਾਂ 'ਚ 10 ਪ੍ਰਦੂਸ਼ਿਤ ਸ਼ਹਿਰਾਂ 'ਚੋਂ ਬਾਹਰ ਹੋਈ ਸੀ ਰਾਜਧਾਨੀ 


ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਦੀ ਹਵਾ ਲਗਾਤਾਰ ਖਰਾਬ ਹੋ ਰਹੀ ਹੈ। ਵੀਰਵਾਰ ਸ਼ਾਮ 6 ਵਜੇ ਰਾਜਧਾਨੀ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਦੂਜੇ ਨੰਬਰ 'ਤੇ ਪਹੁੰਚ ਗਈ। ਇਸ ਸੂਚੀ ਵਿੱਚ ਦਿੱਲੀ ਤੋਂ ਬਾਅਦ ਕੋਲਕਾਤਾ ਅਤੇ ਮੁੰਬਈ ਦਾ ਸਥਾਨ ਹੈ। 13 ਫਰਵਰੀ ਨੂੰ ਦਿੱਲੀ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚੋਂ ਆਖਰੀ ਸਥਾਨ 'ਤੇ ਸੀ। ਜਿਸ ਦਾ ਕਾਰਨ ਜਨਵਰੀ ਦੇ ਆਖਰੀ ਦਿਨਾਂ 'ਚ ਹੋਈ ਬਾਰਿਸ਼ ਸੀ। ਮੀਂਹ ਤੋਂ ਬਾਅਦ ਫਰਵਰੀ ਦੀਆਂ ਤੇਜ਼ ਹਵਾਵਾਂ ਨੇ ਵੀ ਰਾਜਧਾਨੀ 'ਚ ਪ੍ਰਦੂਸ਼ਣ ਨੂੰ ਘਟਾ ਦਿੱਤਾ ਹੈ ਪਰ ਹੁਣ ਦਿੱਲੀ ਵਿੱਚ ਇੱਕ ਵਾਰ ਫਿਰ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ।

ਗ੍ਰੀਨਪੀਸ ਦੇ ਅਵਿਨਾਸ਼ ਚੰਚਲ ਮੁਤਾਬਕ 29 ਜਨਵਰੀ ਨੂੰ ਬਾਰਿਸ਼ ਹੋਈ, ਜੋ 30 ਜਨਵਰੀ ਤੱਕ ਜਾਰੀ ਰਹੀ। ਇਸ ਤੋਂ ਬਾਅਦ 12 ਤੋਂ 14 ਫਰਵਰੀ ਤੱਕ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਬਾਅਦ ਆਈ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪ੍ਰਦੂਸ਼ਣ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ। ਇਸ ਕਾਰਨ ਉਨ੍ਹਾਂ ਦਿਨਾਂ ਵਿਚ ਰਾਜਧਾਨੀ ਦੁਨੀਆਂ ਦੇ ਕਈ ਸ਼ਹਿਰਾਂ ਤੋਂ ਸਾਫ਼-ਸੁਥਰੀ ਰਹੀ।

ਮਾਨਸੂਨ ਵਿੱਚ ਸਭ ਤੋਂ ਘੱਟ ਹੁੰਦਾ ਹੈ ਪ੍ਰਦੂਸ਼ਣ  


ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੇ ਵਿਸ਼ਲੇਸ਼ਕ ਸੁਨੀਲ ਦਹੀਆ ਨੇ ਦੱਸਿਆ ਕਿ ਮੀਂਹ ਅਤੇ ਤੇਜ਼ ਹਵਾਵਾਂ ਰਾਜਧਾਨੀ ਦੇ ਪ੍ਰਦੂਸ਼ਣ ਨੂੰ ਘਟਾਉਂਦੀਆਂ ਹਨ। ਇਸ ਕਾਰਨ ਰਾਜਧਾਨੀ ਦਿੱਲੀ ਮਾਨਸੂਨ ਦੌਰਾਨ ਸਭ ਤੋਂ ਘੱਟ ਪ੍ਰਦੂਸ਼ਿਤ ਹੁੰਦੀ ਹੈ। ਸਰਦੀਆਂ 'ਚ ਬਾਰਿਸ਼ ਨਾਲ ਰਾਹਤ ਮਿਲਦੀ ਹੈ। ਇਸ ਵਾਰ ਸਿਰਫ਼ ਇੱਕ ਵਾਰ ਮੀਂਹ ਪਿਆ ਪਰ ਹਵਾਵਾਂ ਨੇ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ। ਪੂਰੇ ਮੌਸਮ ਵਿੱਚ ਹਵਾਵਾਂ ਚੱਲਦੀਆਂ ਹਨ। ਰਾਜਧਾਨੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੰਮ ਕੀਤਾ ਗਿਆ ਹੈ, ਜਿਸ ਕਾਰਨ ਇਹ ਘਟ ਰਿਹਾ ਹੈ ਪਰ ਫਿਰ ਵੀ ਪ੍ਰਦੂਸ਼ਣ ਨਿਰਧਾਰਤ ਮਾਪਦੰਡਾਂ ਤੋਂ ਵੱਧ ਹੈ। ਜਿਸ ਲਈ ਕੰਮ ਕਰਨਾ ਜ਼ਰੂਰੀ ਹੈ।