ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਪ੍ਰਣਾਲੀ ‘ਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ, ਦਿੱਲੀ ਵਿੱਚ ਕਰੀਬ 24 ਹਜ਼ਾਰ ਕੋਰੋਨਾ ਸੰਕਰਮਣ ਦੇ ਕੇਸ ਸਾਹਮਣੇ ਆਏ  ਹਨ। ਇੱਕ ਦਿਨ ਵਿੱਚ ਪਹਿਲਾਂ ਕਦੇ ਵੀ ਇੰਫੈਕਸ਼ਨ ਦੇ ਇੰਨੇ ਕੇਸ ਨਹੀਂ ਹੋਏ ਸੀ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਥੇ ਆਕਸੀਜਨ ਅਤੇ ਰੇਮਡੇਸਿਵਿਰ ਦਵਾਈ ਦੀ ਵੀ ਘਾਟ ਹੋ ਰਹੀ ਹੈ।



ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਬੈੱਡਸ ਦੀ ਘਾਟ ਨਹੀਂ ਆਉਣ ਦਿਆਂਗੇ। ਉਨ੍ਹਾਂ ਕਿਹਾ ਕਿ ਇਸ ਲਹਿਰ ਵਿੱਚ ਕੋਰੋਨਾ ਦੀ ਚੋਟੀ ਕੀ ਹੋਵੇਗੀ ਇਸ ਬਾਰੇ ਪਤਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਕਸੀਜਨ ਬੈੱਡ ਨੂੰ ਵਧਾਉਣ ਲਈ ਯਤਨ ਜਾਰੀ ਹਨ। ਕੇਜਰੀਵਾਲ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਅੱਜ ਮੁਲਾਕਾਤ ਦੌਰਾਨ ਹੋਈ ਗੱਲਬਾਤ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ "ਮੈਂ ਬੈੱਡ ਵਧਾਉਣ ਦੇ ਸੁਝਾਅ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸਿਹਤ ਮੰਤਰੀ ਨੂੰ ਦਿੱਲੀ ਵਿੱਚ ਆਕਸੀਜਨ ਦੀ ਘਾਟ ਬਾਰੇ ਵੀ ਦੱਸਿਆ।" ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਹੈ। ਉਸਨੇ ਰੇਮਡੇਸਿਵਿਰ ਦੀ ਘਾਟ ਬਾਰੇ ਜਾਣਕਾਰੀ ਦੇਣ ਬਾਰੇ ਵੀ ਗੱਲ ਕੀਤੀ।



ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, "ਅਸੀਂ ਪਿਛਲੇ ਕੁੱਝ ਦਿਨਾਂ ਤੋਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੇ ਹੋਏ ਹਾਂ। ਜੇ ਸਥਿਤੀ ਮਾੜੀ ਹੋ ਜਾਂਦੀ ਹੈ, ਤਾਂ ਅਸੀਂ ਲੋਕਾਂ ਦੀ ਜਾਨ ਬਚਾਉਣ ਲਈ ਜੋ ਵੀ ਕਦਮ ਚੁੱਕਣ ਦੀ ਜ਼ਰੂਰਤ ਪਵੇ ਚੁੱਕਾਂਗੇ।"



24 ਘੰਟਿਆਂ ਵਿੱਚ ਰਿਪੋਰਟ ਨਾ ਦਿੱਤੀ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਲੈਬ ਕੋਰੋਨਾ ਦੀ ਰਿਪੋਰਟ ਦੇਣ ਲਈ ਦੋ ਤੋਂ ਤਿੰਨ ਦਿਨ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਰਨ ਇਹ ਹੈ ਕਿ ਇਹ ਲੈਬ ਆਪਣੀ ਸਮਰੱਥਾ ਤੋਂ ਵੱਧ ਨਮੂਨੇ ਲੈ ਰਹੇ ਹਨ। ਜਿਹੜੀਆਂ ਲੈਬਾਂ 24 ਘੰਟਿਆਂ ਵਿੱਚ ਰਿਪੋਰਟ ਨਹੀਂ ਦਿੰਦੀਆਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।



ਵੀਕੈਂਡ ਕਰਫਿਊ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਵੀਕੈਂਡ ਕਰਫਿਊ ਲਗਾ ਦਿੱਤਾ ਹੈ।ਸ਼ੁੱਕਰਵਾਰ ਰਾਤ 10 ਵਜੇ ਸ਼ੁਰੂ ਹੋਇਆ ਕਰਫਿਊ 19 ਅਪ੍ਰੈਲ (ਸੋਮਵਾਰ) ਨੂੰ ਸਵੇਰੇ ਪੰਜ ਵਜੇ ਖ਼ਤਮ ਹੋਵੇਗਾ।ਇਸਦੇ ਨਾਲ ਹੀ, ਰਾਜਧਾਨੀ ਵਿੱਚ ਜਿੰਮ, ਆਡੀਟੋਰੀਅਮ, ਮਾਲ, ਸਪਾ, ਮਨੋਰੰਜਨ ਪਾਰਕ 30 ਅਪ੍ਰੈਲ ਤੱਕ ਬੰਦ ਰਹਿਣਗੇ।