Shaheed Bhagat Singh School:  ਦਿੱਲੀ ਸਰਕਾਰ ਨੇ ਅੱਜ ਬੱਚਿਆਂ ਨੂੰ ਵੱਡਾ ਤੋਹਫਾ ਦਿੰਦਿਆਂ ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸਕੂਲ ਦਾ ਉਦਘਾਟਨ ਕੀਤਾ। ਇਸ ਦਾ ਉਦਘਾਟਨ ਕਰਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਕੂਲ ਬੱਚਿਆਂ ਲਈ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਬੱਚੇ ਇਸ ਵਿੱਚ ਫ਼ੋਜ ਵਿੱਚ ਭਰਤੀ ਦੀ ਤਿਆਰੀ ਕਰ ਸਕਣਗੇ।


ਸੀਐਮ ਕੇਜਰੀਵਾਲ ਨੇ ਕਿਹਾ, ਬੱਚੇ ਇੱਥੇ ਨੈਸ਼ਨਲ ਡਿਫੈਂਸ ਅਕੈਡਮੀ (NDA) ਤੋਂ ਟ੍ਰੇਨਿੰਗ ਲੈ ਕੇ ਜਲ ਸੈਨਾ, ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਯੋਗ ਹੋਣਗੇ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡਾ ਉਹ ਸੁਪਨਾ ਪੂਰਾ ਹੋ ਗਿਆ ਹੈ ਜੋ ਅਸੀਂ ਕਰੀਬ ਦੋ ਸਾਲ ਪਹਿਲਾਂ ਦੇਖਿਆ ਸੀ। ਦਿੱਲੀ ਵਿੱਚ ਜੋ ਬੱਚੇ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।




ਉਨ੍ਹਾਂ ਲਈ ਅੱਜ ਤੱਕ ਕੋਈ ਰਸਮੀ ਪ੍ਰਣਾਲੀ ਨਹੀਂ ਸੀ ਜੋ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਤਿਆਰ ਕਰ ਸਕੇ। ਹੁਣ ਤੱਕ ਬੱਚੇ ਆਪਣੇ ਆਪ ਨੂੰ ਤਿਆਰ ਕਰਕੇ ਫ਼ੌਜ ਵਿੱਚ ਭਰਤੀ ਹੁੰਦੇ ਸਨ। ਹੋਰ ਸੂਬਿਆਂ ਵਿੱਚ ਵੀ ਅਜਿਹੇ ਸਕੂਲ ਹਨ। ਇਸ ਦੇ ਨਾਲ ਹੀ ਹੁਣ ਦਿੱਲੀ 'ਚ ਵੀ ਅਜਿਹਾ ਸਕੂਲ ਸ਼ੁਰੂ ਹੋ ਗਿਆ ਹੈ, ਜਿਸ 'ਚ ਬੱਚਿਆਂ ਨੂੰ ਫ਼ੌਜ 'ਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।




ਇਹ ਸਕੂਲ ਬੱਚਿਆਂ ਲਈ ਮੁਫਤ ਹੈ- CM ਕੇਜਰੀਵਾਲ
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਸਾਲ ਪਹਿਲਾਂ ਇਸ ਸਕੂਲ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਸੀਂ ਸੋਚਿਆ ਵੀ ਨਹੀਂ ਸੀ ਕਿ ਇੰਨੀ ਜਲਦੀ ਸਕੂਲ ਬਣ ਜਾਵੇਗਾ। ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਕੂਲ ਨੂੰ ਬਣਾਉਣ ਵਿੱਚ ਮਦਦ ਕੀਤੀ। ਸੀਐਮ ਕੇਜਰੀਵਾਲ ਨੇ ਕਿਹਾ, ਸਕੂਲ ਵਿੱਚ ਦਾਖ਼ਲੇ ਲਈ 18000 ਬੱਚਿਆਂ ਨੇ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਲਈ ਇਹ ਸਕੂਲ ਬਿਲਕੁਲ ਮੁਫ਼ਤ ਹੈ। ਇਸ ਸਕੂਲ ਵਿੱਚ NDA ਦੀ ਤਿਆਰੀ ਕੀਤੀ ਜਾਵੇਗੀ।


ਇੱਥੇ ਸਾਰੇ ਬੱਚੇ ਬਰਾਬਰ ਹਨ- ਮੁੱਖ ਮੰਤਰੀ ਕੇਜਰੀਵਾਲ
ਬੱਚਿਆਂ ਲਈ ਸਕੂਲ ਵਿੱਚ ਹੋਸਟਲ ਦੀ ਸਹੂਲਤ ਵੀ ਬਿਲਕੁਲ ਮੁਫ਼ਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਕੋਈ ਅਮੀਰ ਜਾਂ ਗਰੀਬ ਨਹੀਂ ਹੈ। ਇੱਥੇ ਸਾਰੇ ਬੱਚੇ ਬਰਾਬਰ ਹਨ। ਹਰ ਬੱਚੇ ਨੂੰ ਇੱਕੋ ਜਿਹੀਆਂ ਸਹੂਲਤਾਂ ਮਿਲਣਗੀਆਂ। ਸਕੂਲ ਦੇ ਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਕੂਲ ਦਾ ਨਾਂ ਭਗਤ ਸਿੰਘ ਰੱਖਿਆ ਹੈ ਕਿਉਂਕਿ ਉਨ੍ਹਾਂ ਨੂੰ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਫਾਂਸੀ ਦਿੱਤੀ ਗਈ ਸੀ।