Jahangirpuri Violence : ਦਿੱਲੀ ਦੇ ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰੋਹਿਣੀ ਅਦਾਲਤ ਵਿੱਚ ਅੰਸਾਰ, ਸਲੀਮ ਚਿਕਨਾ, ਇਮਾਮ ਸ਼ੇਖ ਉਰਫ਼ ਸੋਨੂੰ ਚਿਕਨਾ, ਦਿਲਸ਼ਾਦ ਅਤੇ ਅਹੀਰ ਸਮੇਤ 9 ਮੁਲਜ਼ਮਾਂ ਦੀ ਵਰਚੁਅਲ ਪੇਸ਼ੀ ਕਰਵਾਈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ, ਇਸ ਲਈ ਅਜੇ ਹੋਰ ਜਾਂਚ ਹੋਣੀ ਬਾਕੀ ਹੈ ਤਾਂ ਜੋ ਸਾਜ਼ਿਸ਼ ਵਿਚ ਸ਼ਾਮਲ ਹੋਰ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। 

 

ਦੱਸ ਦੇਈਏ ਕਿ ਮੁਹੰਮਦ ਅੰਸਾਰ, ਸਲੀਮ ਚਿਕਨਾ, ਇਮਾਮ ਸ਼ੇਖ ਉਰਫ ਸੋਨੂੰ ਚਿਕਨਾ, ਦਿਲਸ਼ਾਦ ਅਤੇ ਅਹੀਰ ਨਾਮਕ ਸਾਰੇ ਪੰਜ ਦੋਸ਼ੀਆਂ 'ਤੇ NSA ਲਗਾਇਆ ਗਿਆ ਹੈ। ਅਦਾਲਤ ਨੇ ਇਨ੍ਹਾਂ ਸਾਰੇ 5 ਦੋਸ਼ੀਆਂ ਨੂੰ 8 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।


5 ਦੋਸ਼ੀਆਂ ਦਾ 8 ਦਿਨ ਦਾ ਪੁਲਿਸ ਰਿਮਾਂਡ

ਅਦਾਲਤ ਵਿੱਚ ਬਹਿਸ ਕਰਦਿਆਂ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਮੁਲਜ਼ਮ ਨੂੰ ਪੱਛਮੀ ਬੰਗਾਲ ਅਤੇ ਹੋਰ ਥਾਵਾਂ ’ਤੇ ਲਿਜਾਣ ਦੀ ਲੋੜ ਹੋ ਸਕਦੀ ਹੈ। ਪੁਲੀਸ ਨੇ ਤਫ਼ਤੀਸ਼ ਨਾਲ ਸਬੰਧਤ ਹੋਰ ਦਲੀਲਾਂ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਇਨ੍ਹਾਂ ਮੁਲਜ਼ਮਾਂ ਦਾ 8 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ। ਅਦਾਲਤ ਨੇ ਐਨਐਸਏ ਤਹਿਤ ਗ੍ਰਿਫ਼ਤਾਰ ਕੀਤੇ ਸਾਰੇ 5 ਮੁਲਜ਼ਮਾਂ ਨੂੰ 8 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਦਕਿ ਅਦਾਲਤ ਨੇ ਬਾਕੀ 4 ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਹਨੂੰਮਾਨ ਜੈਅੰਤੀ ਮੌਕੇ ਹੋਈ ਸੀ ਹਿੰਸਾ 


ਜਹਾਂਗੀਰਪੁਰੀ ਹਿੰਸਾ ਦੇ ਮੁੱਖ ਦੋਸ਼ੀ ਬਣਾਏ ਗਏ ਅੰਸਾਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ। ਕੁਝ ਤਸਵੀਰਾਂ 'ਚ ਅੰਸਾਰ ਦੇ ਹੱਥ 'ਚ ਨੋਟਾਂ ਦਾ ਬੰਡਲ ਹੈ, ਜਦਕਿ ਕੁਝ ਤਸਵੀਰਾਂ 'ਚ ਉਸ ਨੇ ਸੋਨੇ ਦੀ ਚੇਨ ਅਤੇ ਹੱਥਾਂ 'ਚ ਸੋਨੇ ਦੀਆਂ ਮੁੰਦਰੀਆਂ ਪਾਈਆਂ ਹੋਈਆਂ ਹਨ। ਪੁਲਿਸ ਮੁਤਾਬਕ 16 ਅਪ੍ਰੈਲ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹਨੂੰਮਾਨ ਜੈਅੰਤੀ ਦੀ ਸੋਭਾ ਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਤੋਂ ਬਾਅਦ ਪਥਰਾਅ ਕੀਤਾ ਗਿਆ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਆਮ ਨਾਗਰਿਕ ਅਤੇ ਕਈ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ।  ਸੋਭਾ ਯਾਤਰਾ ਵਿਚ ਕਥਿਤ ਤੌਰ 'ਤੇ ਤਲਵਾਰਾਂ ਅਤੇ ਹਥਿਆਰ ਵੀ ਲਹਿਰਾਏ ਗਏ ਸਨ।