Delhi Liquor Shop Price List News: ਦੇਸ਼ ਦੀ ਰਾਜਧਾਨੀ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਕੁਝ ਥਾਵਾਂ 'ਤੇ ਭੀੜ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਅਨੋਖਾ ਨਜ਼ਾਰਾ ਦਿੱਲੀ ਦੇ ਸਾਰੇ ਇਲਾਕਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕੁਝ ਦੁਕਾਨਾਂ ਨੇ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ 'ਤੇ ਛੋਟ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਛੋਟ ਮਿਲਣ ਕਾਰਨ ਹਰ ਵਰਗ ਦੇ ਲੋਕ ਸਸਤੀ ਸ਼ਰਾਬ ਲਈ ਲਾਈਨਾਂ 'ਚ ਲੱਗੇ ਨਜ਼ਰ ਆ ਰਹੇ ਹਨ।

ਦਰਅਸਲ, ਇੱਥੇ ਸ਼ਰਾਬ ਦੀਆਂ ਕੀਮਤਾਂ ਵਿੱਚ ਕਮੀ ਦਾ ਕਾਰਨ ਨਵੀਂ ਆਬਕਾਰੀ ਨੀਤੀ ਹੈ। ਰਾਜਧਾਨੀ ਦੇ ਠੇਕਿਆਂ 'ਤੇ 40 ਫੀਸਦੀ ਛੋਟ 'ਤੇ ਸ਼ਰਾਬ ਵਿਕ ਰਹੀ ਹੈ। ਇਸ ਤੋਂ ਇਲਾਵਾ ਕੁਝ ਬ੍ਰਾਂਡਾਂ 'ਤੇ ਇੱਕ ਨਾਲ ਇੱਕ ਮੁਫਤ (Buy One Get One) ਆਫਰ ਵੀ ਚੱਲ ਰਿਹਾ ਹੈ। ਇਸ ਦੇ ਨਾਲ ਹੀ ਭੀੜ ਦਾ ਇੱਕ ਕਾਰਨ ਫੇਕ ਨਿਊਜ਼ ਵੀ ਦੱਸਿਆ ਜਾ ਰਿਹਾ ਹੈ। ਇੱਕ ਵਾਇਰਲ ਖਬਰ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਸ਼ਰਾਬ ਖਰੀਦਣ ਲਈ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ ਤੇ ਭਾਰਤ ਸਰਕਾਰ ਨੇ ਅਜਿਹੇ ਕਿਸੇ ਨਿਯਮ ਦਾ ਐਲਾਨ ਨਹੀਂ ਕੀਤਾ ਹੈ।

ਸ਼ਰਾਬ ਦਾ ਰੇਟ ਕੀ ਹੈ
ਕੁਝ ਸ਼ਰਾਬ ਦੇ ਠੇਕਿਆਂ ਨੇ ਦੁਕਾਨਾਂ ਦੇ ਬਾਹਰ ਰੇਟਾਂ ਦੀ ਸੂਚੀ ਛਾਪ ਦਿੱਤੀ ਹੈ। ਦਿੱਲੀ ਦੇ ਠੇਕਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਯੂਪੀ ਤੇ ਗੁੜਗਾਓਂ ਨਾਲੋਂ ਘੱਟ ਕੀਮਤ ’ਤੇ ਸ਼ਰਾਬ ਖਰੀਦੀ ਜਾ ਰਹੀ ਹੈ।

ਕੁਝ ਠੇਕਿਆਂ 'ਤੇ, 12 ਸਾਲ ਪੁਰਾਣੀ ਚਿਵਾਸ ਰੀਗਲ (Chivas Regal) ਦੀ ਬੋਤਲ 1,890 ਰੁਪਏ ਵਿੱਚ ਵੇਚੀ ਜਾ ਰਹੀ ਹੈ ਜਦੋਂਕਿ ਇਸ ਬ੍ਰਾਂਡ ਦੀ ਵੱਧ ਤੋਂ ਵੱਧ ਰਿਟੇਲ ਕੀਮਤ (MRP) 2,920 ਰੁਪਏ ਹੈ। 18 ਸਾਲ ਪੁਰਾਣੀ ਗਲੇਨਲਿਵੇਟ (Glenlivet) 700ML ਦੀ ਬੋਤਲ ਵਿਸਕੀ ਸਟੋਰ 'ਤੇ 5,115 ਰੁਪਏ ਵਿੱਚ ਵੇਚੀ ਜਾ ਰਹੀ ਹੈ ਜਦਕਿ ਇਸ ਦੀ ਅਸਲ ਕੀਮਤ 7,415 ਹੈ। 10 ਸਾਲ ਪੁਰਾਣੀ ਵਿਸਕੀ ਤਾਲਿਸਕਰ (Whisky Taliskar) ਦੀ ਕੀਮਤ 4,350 ਰੁਪਏ ਹੈ ਪਰ ਇਹ 3,125 ਰੁਪਏ ਵਿੱਚ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਅਜਿਹੇ ਬ੍ਰਾਂਡ ਹਨ ਜੋ MRP ਕੀਮਤ ਤੋਂ ਘੱਟ ਕੀਮਤ 'ਤੇ ਵੇਚੇ ਜਾ ਰਹੇ ਹਨ।

ਦੱਸ ਦੇਈਏ ਕਿ ਰਾਜਧਾਨੀ ਦੇ ਜਹਾਂਗੀਰਪੁਰੀ, ਸ਼ਾਹਦਰਾ ਅਤੇ ਮਯੂਰ ਵਿਹਾਰ ਸਮੇਤ ਕਈ ਹੋਰ ਖੇਤਰਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੇ ਕੁਝ ਬ੍ਰਾਂਡਾਂ 'ਤੇ 35 ਫੀਸਦੀ ਤੱਕ ਦੀ ਛੋਟ ਦਿੱਤੀ ਸੀ। ਉਸੇ ਸਮੇਂ, ਪੂਰਬੀ ਦਿੱਲੀ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਮਾਰਚ ਦੇ ਅੰਤ ਤੱਕ ਆਪਣਾ ਸਟਾਕ ਖਤਮ ਕਰਨਾ ਹੋਵੇਗਾ ਕਿਉਂਕਿ ਨਵੇਂ ਵਿੱਤੀ ਸਾਲ ਵਿੱਚ ਲਾਇਸੈਂਸ ਦਾ ਨਵੀਨੀਕਰਨ ਕੀਤਾ ਜਾਵੇਗਾ।

ਸ਼ਰਾਬ ਇੰਨੀ ਸਸਤੀ ਕਿਉਂ ਹੈ?
ਸ਼ਰਾਬ ਸਸਤੀ ਹੋਣ ਦਾ ਕਾਰਨ ਨਵੀਂ ਆਬਕਾਰੀ ਨੀਤੀ ਨੂੰ ਦੱਸਿਆ ਜਾ ਰਿਹਾ ਹੈ। ਇਸ ਕਾਰਨ ਕਈ ਬ੍ਰਾਂਡਾਂ ਨੂੰ MRP 'ਤੇ 40 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ ਦਿੱਲੀ 'ਚ ਪਹਿਲਾਂ ਕਦੇ ਵੀ ਸ਼ਰਾਬ 'ਤੇ ਇੰਨੀ ਛੋਟ ਨਹੀਂ ਦਿੱਤੀ ਗਈ ਸੀ। ਨਵੀਂ ਨੀਤੀ ਵਿੱਚ ਸ਼ਰਾਬ ਦੇ ਰੇਟ ਦੀ ਵੱਧ ਤੋਂ ਵੱਧ ਸੀਮਾ ਤੈਅ ਕੀਤੀ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਠੇਕਿਆਂ ਨੂੰ ਸ਼ਰਾਬ ਦੀ ਕੀਮਤ ਤੈਅ ਕਰਨੀ ਪਵੇਗੀ।

ਨਵੀਂ ਆਬਕਾਰੀ ਨੀਤੀ 'ਚ ਕੀ ਹੈ?
ਸ਼ਰਾਬ ਲਈ ਲਿਆਂਦੀ ਗਈ ਨਵੀਂ ਆਬਕਾਰੀ ਨੀਤੀ ਤਹਿਤ ਸ਼ਹਿਰ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਹਰੇਕ ਜ਼ੋਨ ਵਿੱਚ ਬਰਾਬਰ ਮਾਤਰਾ ਵਿੱਚ ਸ਼ਰਾਬ ਵੰਡੀ ਜਾ ਸਕੇ। ਦਿੱਲੀ ਸਰਕਾਰ ਮੁਤਾਬਕ ਹਰ ਵਾਰਡ ਵਿੱਚ ਦੋ ਸ਼ਰਾਬ ਦੇ ਠੇਕੇ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਪੂਰੇ ਸ਼ਹਿਰ ਵਿੱਚ ਕੁੱਲ 849 ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਮੇਂ 32 ਜ਼ੋਨਾਂ ਵਿੱਚ ਕੁੱਲ 564 ਦੁਕਾਨਾਂ ਖੋਲ੍ਹੀਆਂ ਗਈਆਂ ਹਨ ਅਤੇ ਅਗਲੇ ਦਿਨਾਂ ਵਿੱਚ ਬਾਕੀ ਦੁਕਾਨਾਂ ਵੀ ਖੋਲ੍ਹ ਦਿੱਤੀਆਂ ਜਾਣਗੀਆਂ। ਨੀਤੀ ਅਨੁਸਾਰ ਘਰੇਲੂ ਤੇ ਅੰਤਰਰਾਸ਼ਟਰੀ ਟਰਮੀਨਲਾਂ 'ਤੇ 10 ਸਟੋਰ ਖੋਲ੍ਹੇ ਜਾ ਸਕਦੇ ਹਨ।


ਇਹ ਵੀ  ਪੜ੍ਹੋ: Punjab Election 2022: ਪੰਜਾਬ ਦੀਆਂ 117 ਸੀਟਾਂ 'ਤੇ ਅੱਜ ਰੁਕ ਜਾਵੇਗਾ ਚੋਣ ਪ੍ਰਚਾਰ, ਬਾਹਰੀ ਲੋਕਾਂ ਨੂੰ 6 ਵਜੇ ਤੋਂ ਪਹਿਲਾਂ ਹਲਕਾ ਛੱਡਣ ਦਾ ਹੁਕਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904