ਨਵੀਂ ਦਿੱਲੀ: ਦਿੱਲੀ ਹਿੰਸਾ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀਆਂ ਜ਼ਮਾਨਤਾਂ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ ਹੋਰ 15 ਜਣਿਆਂ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ ਸਾਰੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਸੀ। ਇਨ੍ਹਾਂ ਦੀ ਕਿਸਾਨਾਂ ਦੀ ਰਿਹਾਈ ਲਈ 200 ਦੇ ਕਰੀਬ ਵਕੀਲ ਦਿਨ-ਰਾਤ ਕੰਮ ਕਰ ਰਹੇ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਥਾਣਾ ਪੱਛਮੀ ਵਿਹਾਰ ਵਿੱਚ ਬੰਦ ਬਠਿੰਡਾ ਜ਼ਿਲ੍ਹੇ ਦੇ ਜਗਸੀਰ ਸਿੰਘ, ਤਲਵੰਡੀ ਸਾਬੋ ਦੇ ਮੱਖਣ ਸਿੰਘ ਤੇ ਬਰਿੰਦਰ ਸਿੰਘ, ਮਾਨਸਾ ਦੇ ਸੁਖਜਿੰਦਰ ਸਿੰਘ ਤੇ ਵਿੱਕੀ, ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ, ਲੁਧਿਆਣਾ ਦੇ ਪ੍ਰਦੀਪ ਸਿੰਘ, ਫਿਰੋਜ਼ਪੁਰ ਦੇ ਸੁਖਰਾਜ ਸਿੰਘ ਤੇ ਹਰਪ੍ਰੀਤ ਸਿੰਘ, ਫਾਜ਼ਿਲਕਾ ਦੇ ਯਾਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ।

ਇਸੇ ਤਰ੍ਹਾਂ ਕਿ ਬੁਰਾੜੀ ਥਾਣੇ ਵਿੱਚ ਬੰਦ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਭੰਗੂ ਨੇ ਦੱਸਿਆ ਕਿ ਜੋਗਿੰਦਰ ਸਿੰਘ (ਮਾਨਸਾ), ਬਲਵਿੰਦਰ ਸਿੰਘ (ਹੁਸ਼ਿਆਰਪੁਰ), ਗੁਰਦਿਆਲ ਸਿੰਘ (ਹੁਸ਼ਿਆਰਪੁਰ) ਤੇ ਪ੍ਰਗਟ ਸਿੰਘ (ਫ਼ਿਰੋਜ਼ਪੁਰ) ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ।