ਨਵੀਂ ਦਿੱਲੀ: ਦਿੱਲੀ ਪੁਲਿਸ ਨੇ 20 ਹੋਰ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਇਸੇ ਵਰ੍ਹੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਲਾਲ ਕਿਲੇ ਉੱਤੇ ਵਾਪਰੀ ਹਿੰਸਾ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਵਿਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਆਧਾਰ ਉੱਤੇ ਹੀ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

 

ਦੱਸ ਦੇਈਏ ਕਿ ਪਹਿਲਾਂ ਪੁਲਿਸ ਨੇ 200 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਕਿਸਾਨ ਸੰਗਠਨਾਂ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪਾਂ ਹੋਈਆਂ ਸਨ।

 





ਦਰਅਸਲ 26 ਜਨਵਰੀ ਨੂੰ ਦਿੱਲੀ ’ਚ ਟ੍ਰੈਕਟਰ ਪਰੇਡ ਲਈ ਪੁਲਿਸ ਨੇ ਕਿਸਾਨਾਂ ਨੂੰ ਜੋ ਰੂਟ ਦਿੱਤਾ ਸੀ, ਉਸ ਦੀ ਉਲੰਘਣਾ ਹੋਈ ਸੀ। ਕੁਝ ਅੰਦੋਲਨਕਾਰੀ ਕਿਸਾਨ ਦਰਸਾਏ ਰੂਟ ਤੋਂ ਵੱਖ ਹੋ ਕੇ ਲਾਲ ਕਿਲੇ ਪੁੱਜ ਗਏ ਸਨ। ਉੱਥੇ ਰਾਹ ਵਿੱਚ ਪੁਲਿਸ ਨਾਲ ਉਨ੍ਹਾਂ ਦੀਆਂ ਝੜਪਾਂ ਹੋਈਆਂ ਸਨ। ਇਸ ਮਾਮਲੇ ’ਚ ਪੁਲਿਸ ਨੇ ਫ਼ਿਲਮ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਇਸ ਤੋਂ ਇਲਾਵਾ ਵੀ ਕਈ ਥਾਵਾਂ ਉੱਤੇ ਦਿੱਲੀ ਪੁਲਿਸ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਝੜਪਾਂ ਹੋਈਆਂ ਸਨ ਤੇ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ ਸੀ ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ ਸਨ। ਉਨ੍ਹਾਂ ਘਟਨਾਵਾਂ ਵਿੱਚ ਦਿੱਲੀ ਪੁਲਿਸ ਦੇ ਸੈਂਕੜੇ ਜਵਾਨ ਜ਼ਖ਼ਮੀ ਹੋ ਗਏ ਸਨ।

 

ਇਸ ਦੌਰਾਨ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹਿੰਸਾ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਕਾਰਣ ਵਾਪਰੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਰੂਟ ਤੋੜ ਕੇ ਆਪਣਾ ਭਰੋਸਾ ਵੀ ਤੋੜਿਆ।