ISIS Module: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISIS ਮਾਡਿਊਲ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਦਾ ਨਾਂ ਸ਼ਾਹਨਵਾਜ਼ ਦੱਸਿਆ ਗਿਆ ਹੈ, ਜਿਸ ਨੂੰ ਦਿੱਲੀ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਨੇ ਇਸ ਅੱਤਵਾਦੀ 'ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਹ ਅੱਤਵਾਦੀ NIA ਦਾ ਮੋਸਟ ਵਾਂਟੇਡ ਅੱਤਵਾਦੀ ਹੈ, ਜਿਸ ਨੂੰ ਸ਼ਾਹਨਵਾਜ਼ ਉਰਫ ਸ਼ਫੀ ਉਜ਼ਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਤਵਾਦੀ ਸ਼ਾਹਨਵਾਜ਼ ਨੂੰ ਮੁਹੰਮਦ ਅਰਸ਼ਦ ਵਾਰਸੀ ਅਤੇ ਰਿਜ਼ਵਾਨ ਨਾਮ ਦੇ ਇੱਕ ਸ਼ੱਕੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਅੱਜ ਸਵੇਰੇ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਕੇ 14 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ। ISIS ਅੱਤਵਾਦੀ ਮਾਡਿਊਲ ਮਾਮਲੇ 'ਚ ਆਦਿਲ ਨਾਂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਆਦਿਲ ਜਾਮੀਆ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਦਿਲ ਨੂੰ ਨੋਟਿਸ ਦੇਣ ਤੋਂ ਬਾਅਦ ਰਿਹਾਅ ਕੀਤਾ ਜਾ ਰਿਹਾ ਹੈ।
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਸ਼ਾਹਨਵਾਜ਼ ਦਿੱਲੀ ਦਾ ਰਹਿਣ ਵਾਲਾ ਹੈ। ਉਹ ਪੇਸ਼ੇ ਤੋਂ ਇੰਜੀਨੀਅਰ ਹੈ। ਅੱਤਵਾਦੀ ਸ਼ਾਹਨਵਾਜ਼ ਪੁਣੇ ਪੁਲਿਸ ਦੀ ਹਿਰਾਸਤ 'ਚੋਂ ਫਰਾਰ ਹੋ ਕੇ ਦਿੱਲੀ 'ਚ ਰਹਿ ਰਿਹਾ ਸੀ। ਫਿਲਹਾਲ ਅੱਤਵਾਦੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ, NIA ਨੇ ISIS ਪੁਣੇ ਮਾਡਿਊਲ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਤਿੰਨ ਅੱਤਵਾਦੀ ਫਰਾਰ ਹੋ ਗਏ ਅਤੇ ਦਿੱਲੀ 'ਚ ਲੁਕ ਗਏ। ਇਨ੍ਹਾਂ ਤਿੰਨਾਂ ਅੱਤਵਾਦੀਆਂ 'ਚੋਂ ਇੱਕ ਸ਼ਾਹਨਵਾਜ਼ ਉਰਫ ਸ਼ਫੀ ਉਜ਼ਾਮਾ ਹੈ।
ਪੁਲਿਸ ਦੋ ਅੱਤਵਾਦੀਆਂ ਦੀ ਭਾਲ ਵਿੱਚ ਜੁਟੀ
ਦਿੱਲੀ ਪੁਲਿਸ ਨੂੰ ਰਾਜਧਾਨੀ ਵਿੱਚ ਤਿੰਨ ISIS ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਲਰਟ ਮੋਡ 'ਚ ਆ ਗਈ ਅਤੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੋਮਵਾਰ (2 ਅਕਤੂਬਰ) ਨੂੰ ਸ਼ਾਹਨਵਾਜ਼ ਨੂੰ ਫੜਦਿਆਂ ਵੱਡੀ ਸਫਲਤਾ ਹਾਸਲ ਕੀਤੀ। ਹਾਲਾਂਕਿ ਪੁਣੇ ISIS ਮਾਮਲੇ 'ਚ ਲੋੜੀਂਦੇ ਦੋ ਅੱਤਵਾਦੀ ਰਿਜ਼ਵਾਨ ਅਬਦੁੱਲ ਹਾਜੀ ਅਲੀ ਅਤੇ ਅਬਦੁੱਲਾ ਫਯਾਜ਼ ਸ਼ੇਖ ਅਜੇ ਵੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ।
ਤਿੰਨਾਂ ਅੱਤਵਾਦੀਆਂ ਦੇ ਬਾਰੇ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਆਈਈਡੀ ਬਣਾਉਣ ਦੀ ਟ੍ਰੇਨਿੰਗ ਲਈ ਹੈ। ਉਹ ਬਹੁਤ ਆਸਾਨੀ ਨਾਲ ਬੰਬ ਬਣਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਆਈਈਡੀ ਟੈਸਟਿੰਗ ਵੀ ਕੀਤੀ ਹੈ। ਇਨ੍ਹਾਂ ਕਾਰਨਾਂ ਕਰਕੇ ਪੁਲਿਸ ਇਨ੍ਹਾਂ ਅੱਤਵਾਦੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਕੁਝ ਦਿਨ ਪਹਿਲਾਂ ਪੁਣੇ ਪੁਲਿਸ ਅਤੇ ਐਨਆਈਏ ਦੀਆਂ ਟੀਮਾਂ ਨੇ ਵੀ ਅੱਤਵਾਦੀਆਂ ਦੀ ਭਾਲ ਵਿਚ ਕੇਂਦਰੀ ਦਿੱਲੀ ਖੇਤਰ ਵਿੱਚ ਛਾਪੇਮਾਰੀ ਕੀਤੀ ਸੀ।
ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ 'ਚ NIA ਨੇ ਅੱਤਵਾਦੀਆਂ 'ਤੇ ਜ਼ਬਰਦਸਤ ਹਮਲਾ ਕੀਤਾ ਹੈ। ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਸਮੇਤ ਕਈ ਰਾਜਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਨੇ ਕੁਝ ਥਾਵਾਂ 'ਤੇ ਛਾਪੇਮਾਰੀ ਕਰਕੇ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।