ਨਵੀਂ ਦਿੱਲੀ: ਦਿੱਲੀ ਦੇ ਬੁਰਾੜੀ ਵਿੱਚ ਇੱਕ ਘਰ ਵਿੱਚੋਂ ਮਿਲੀਆਂ 11 ਲਾਸ਼ਾਂ ਸਬੰਧੀ ਹੈਰਾਨ ਕਰਨ ਵਾਲੇ ਸਬੂਤ ਮਿਲੇ ਹਨ ਜਿਸ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। 11 ਮੌਤਾਂ ਪਿੱਛੇ ਤੰਤਰ-ਮੰਤਰ ਤੇ ਅੰਧਵਿਸ਼ਵਾਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪਹਿਲਾਂ ਘਰ ਵਿੱਚੋਂ ਇੱਕ ਰਜਿਸਟਰ ਬਰਾਮਦ ਹੋਇਆ ਜਿਸ ਵਿੱਚ ਮੌਤ ਦੇ ਢੰਗ-ਤਰੀਕਿਆਂ ਬਾਰੇ ਲਿਖਿਆ ਸੀ ਤੇ ਹੁਣ ਘਰ ਦੀ ਬਾਹਰੀ ਕੰਧ ’ਤੇ ਲੱਗੀਆਂ 11 ਪਾਈਪਾਂ ਨੇ ਇਸ ਮਾਮਲੇ ਨੂੰ ਹੋਰ ਵੀ ਉਲਝਾ ਦਿੱਤਾ ਹੈ।

11 ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਖ਼ੁਸਾਲਾ ਹੋਇਆ ਹੈ ਕਿ ਸਾਰਿਆਂ ਦੀ ਮੌਤ ਫਾਹਾ ਲੈਣ ਕਾਰਨ ਹੋਈ। ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

 

ਦਰਅਸਲ ਜਿਸ ਘਰ ਵਿੱਚੋਂ 11 ਲਾਸ਼ਾਂ ਮਿਲੀਆਂ, ਉਸੇ ਘਰ ਦੀ ਬਾਹਰੀ ਕੰਧ ’ਤੇ ਦੂਜੇ ਘਰ ਵੱਲ 11 ਪਾਈਪ ਲੱਗੇ ਹੋਏ ਮਿਲੇ ਜਿਸ ਨੂੰ ਲੈ ਕਿ ਕਈ ਸਵਾਲ ਖੜ੍ਹੇ ਹੋ ਰਹੇ ਹਨ। 11 ਪਾਈਪਾਂ ਵਿੱਚੋਂ 7 ਪਾਈਪ ਝੁਕੇ ਹੋਏ ਹਨ ਜਦਕਿ 4 ਪਾਈਪ ਸਿੱਧੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਆਖ਼ਿਰ ਇਨ੍ਹਾਂ 11 ਪਾਈਪਾਂ ਦਾ ਮਤਲਬ ਕੀ ਹੈ? ਇਹ ਪਾਈਪ ਉੱਥੇ ਕਿਉਂ ਲਾਏ ਗਏ ਜਦੋਂਕਿ ਇਨ੍ਹਾਂ ਵਿੱਚੋਂ ਪਾਣੀ ਵੀ ਨਹੀਂ ਨਿਕਲਦਾ। ਇੱਕੋ ਦੀਵਾਰ ’ਤੇ 11 ਪਾਈਪ ਲਾਉਣਾ ਕੋਈ ਆਮ ਗੱਲ ਨਹੀਂ ਹੈ।

ਪੁਲਿਸ ਸੂਤਰਾਂ ਮੁਤਾਬਕ ਘਰ ਵਿੱਚੋਂ ਮਿਲੇ ਰਜਿਸਟਰ ਵਿੱਚ ਸਵਰਗ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਗਿਆ ਹੈ। ਲਿਖਿਆ ਹੈ ਕਿ ਜੇ ਕਿ ਮਰਨ ਵੇਲੇ ਸਟੂਲ ਦਾ ਇਸਤੇਮਾਲ ਕਰਨਗੇ, ਅੱਖਾਂ ਬੰਦ ਕਰਨਗੇ ਤੇ ਹੱਥ ਬੰਨ੍ਹ ਲੈਣਗੇ ਤਾਂ ਸਵਰਗ ਦੀ ਪ੍ਰਾਪਤੀ ਹੋਏਗੀ। ਰਜਿਸਟਰ ਵਿੱਚ ਲਿਖੇ ਤਰੀਕਿਆਂ ਦੇ ਮੁਤਾਬਕ ਘਰ ਵਿੱਚੋਂ ਮਿਲੀਆਂ ਲਾਸ਼ਾਂ ਦੇ ਵੀ ਹੱਥ ਬੰਨ੍ਹੇ ਹੋਏ ਸੀ ਤੇ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ। ਹੁਣ ਪੁਲਿਸ ਇਸ ਮਾਮਲੇ ਨੂੰ ਧਾਰਮਿਕ ਨਜ਼ਰੀਏ ਨਾਲ ਵੇਖਦਿਆਂ ਹੋਇਆਂ ਵੀ ਜਾਂਚ ਵਿੱਚ ਜੁਟੀ ਹੋਈ ਹੈ।