Delhi Court Firing : ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਵਕੀਲਾਂ ਦੇ ਦੋ ਗੁੱਟਾਂ ਵਿੱਚ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹਵਾਈ ਫ਼ਾਇਰਿੰਗ ਵੀ ਕੀਤੀ ਗਈ। ਵਕੀਲਾਂ ਦੇ ਦੋ ਧੜਿਆਂ ਵਿਚਾਲੇ ਝੜਪ ਤੋਂ ਬਾਅਦ ਹਵਾਈ ਫਾਇਰਿੰਗ ਕੀਤੀ ਗਈ। ਹਾਲਾਂਕਿ ਇਸ ਗੋਲੀਬਾਰੀ 'ਚ ਕਿਸੇ ਨੂੰ ਗੋਲੀ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਹਵਾਈ ਫਾਇਰਿੰਗ ਇੱਕ ਦੂਜੇ ਨੂੰ ਡਰਾਉਣ ਲਈ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀ ਚਲਾਉਣ ਵਾਲਾ ਵਕੀਲ ਕੌਣ ਸੀ ਅਤੇ ਲੜਾਈ ਕਿਸ ਕਾਰਨ ਸ਼ੁਰੂ ਹੋਈ ਸੀ।


ਪੁਲਿਸ  ਕਰ ਰਹੀ ਹੈ ਮਾਮਲੇ ਦੀ ਜਾਂਚ  



ਸਬਜ਼ੀ ਮੰਡੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਤੋਂ ਬਾਅਦ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੋਲੀਬਾਰੀ ਤੋਂ ਬਾਅਦ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ ਮੌਜੂਦ ਲੋਕ ਦਹਿਸ਼ਤ ਵਿਚ ਸਨ। ਹਾਲਾਂਕਿ ਖੁਸ਼ਕਿਸਮਤੀ ਨਾਲ ਕਿਸੇ ਨੂੰ ਗੋਲੀ ਨਹੀਂ ਲੱਗੀ ਪਰ ਦੱਸਿਆ ਗਿਆ ਹੈ ਕਿ ਵਕੀਲਾਂ ਨੇ ਸਾਹਮਣੇ ਵਾਲੇ ਗਰੁੱਪ ਨੂੰ ਪਿੱਛੇ ਧੱਕਣ ਲਈ ਗੋਲੀਬਾਰੀ ਕੀਤੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕਿਸ ਹਥਿਆਰ ਨਾਲ ਗੋਲੀਬਾਰੀ ਕੀਤੀ ਗਈ ਅਤੇ ਇਹ ਅਦਾਲਤੀ ਕੰਪਲੈਕਸ ਵਿੱਚ ਕਿਵੇਂ ਆਇਆ। ਦਿੱਲੀ ਪੁਲਿਸ ਨੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਅਦਾਲਤ ਕੰਪਲੈਕਸ ਵਿੱਚ ਹੋਈ ਸੀ ਫਾਇਰਿੰਗ 


ਇਸ ਤੋਂ ਪਹਿਲਾਂ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਵੀ ਫਾਇਰਿੰਗ  ਦੀ ਘਟਨਾ ਵਾਪਰੀ ਸੀ। ਇੱਥੇ ਇੱਕ ਵਕੀਲ ਨੇ ਮਹਿਲਾ 'ਤੇ ਕਈ ਰਾਉਂਡ ਫਾਇਰ ਕੀਤੇ। ਜਿਸ ਕਾਰਨ ਔਰਤ ਜ਼ਖਮੀ ਹੋ ਗਈ। ਫ਼ਾਇਰਿੰਗ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ 'ਚ ਹੜਕੰਪ ਮਚ ਗਿਆ ਅਤੇ ਬਾਅਦ 'ਚ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਗਿਆ ਕਿ ਇਸ ਵਕੀਲ ਦੀ ਔਰਤ ਨਾਲ ਦੁਸ਼ਮਣੀ ਚੱਲ ਰਹੀ ਸੀ, ਜਿਸ ਕਾਰਨ ਉਸ ਨੇ ਅਦਾਲਤ 'ਚ ਉਸ 'ਤੇ ਫ਼ਾਇਰਿੰਗ ਕਰ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤੋਂ ਇਲਾਵਾ ਕਈ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਦੋਂ ਅਦਾਲਤੀ ਚੌਂਕ 'ਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ।