ਕਰਨਾਲ: ਬਾਲੀਵੁੱਡ ਦੇ ਫੇਮਸ ਐਕਟਰ ਧਰਮਿੰਦਰ ਦੇ ਸ਼ਹਿਰ ਥਾਣਾ ਖੇਤਰ ‘ਚ ਸਥਿਤ ਮੈਨ ਫੂਡ ਐਂਡ ਐਂਟਰਟੇਨਮੈਂਟ 'ਤੇ ਕਬਜ਼ਾ ਕਰਨ ਤੇ ਸਬੰਧਤ ਅਧਿਕਾਰੀਆਂ ਨੂੰ ਧਮਕੀ ਦੇਣ ਤੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਦੇ ਇਸ ਰੈਸਟੋਰੈਂਟ ਨੂੰ ਹੀਮੈਨ ਢਾਬਾ ਵੀ ਕਿਹਾ ਜਾਂਦਾ ਹੈ।


ਵਿਕਾਸ ਚੌਧਰੀ ਨੇ ਮੈਨ ਗਰੁੱਪ ਆਫ਼ ਕੰਪਨੀਜ਼ ਦੇ ਡਾਇਰੈਕਟਰ ਵਜੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨਵਦੀਪ ਉਸ ਕੋਲ ਰੈਸਟੋਰੈਂਟ ਵਿੱਚ ਇੱਕ ਵਰਕਰ ਵਜੋਂ ਕੰਮ ਕਰਦਾ ਸੀ, ਪਰ ਉਸ ਨੇ ਆਪਣੇ ਆਪ ਨੂੰ ਜੀਐਮ ਕਹਿ ਕੇ ਇੱਕ ਜਾਅਲੀ ਪੱਤਰ ਤੇ ਮੋਹਰਾਂ ਦੀ ਵਰਤੋਂ ਕਰ  ਅਧਿਕਾਰੀਆਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ।

27 ਮਈ ਨੂੰ ਮੁਲਜ਼ਮ ਨੇ ਆਪਣੇ ਆਪ ਨੂੰ ਪਾਟਨਰ ਦੱਸਿਆ ਤੇ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਤੇ ਜਾਅਲੀ ਐਗਰੀਮੈਂਟ ਤਿਆਰ ਕਰ ਲਿਆ। ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਮੁਤਾਬਕ, 15 ਮਈ ਨੂੰ ਦੂਜੇ ਮੁਲਜ਼ਮਾਂ ਆਦਿਤਿਆ ਤੇ ਜਤਿੰਦਰ ਨੇ ਖੁਦਕੁਸ਼ੀ ਦੀ ਮੇਲ ਕਰਕੇ ਕੰਪਨੀ ਦੇ ਲੋਕਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਤੇ ਫਿਰ ਸ਼ਾਮ ਨੂੰ ਆਦਿਤਿਆ ਨੇ ਸ਼ਰਾਬ ਪੀਤੀ ਨਵਦੀਪ ਦੇ ਨਾਲ ਮਿਲ ਕੇ ਜਨਰਲ ਮੈਨੇਜਰ ਨੂੰ ਖੁਦਕੁਸ਼ੀ ਦੀ ਧਮਕੀ ਵਾਲੀ ਮੇਲ ਕਰ ਦਿੱਤੀ।

ਇਸ ਸਬੰਧ ਵਿੱਚ ਸੈਕਟਰ ਚਾਰ ਪੁਲਿਸ ਚੌਕੀ ਵਿੱਚ ਇੱਕ ਸ਼ਿਕਾਇਤ ਵੀ ਕੀਤੀ ਗਈ, ਜਿਸ ਵਿੱਚ ਮੁਲਜ਼ਮਾਂ ਨੇ ਬਾਅਦ ਵਿੱਚ ਮੰਨਿਆ ਕਿ ਇਹ ਸਭ ਪੈਸਾ ਹਾਸਲ ਕਰਨ ਲਈ ਕੀਤਾ ਗਿਆ ਸੀ। ਇਸ ਤੋਂ ਬਾਅਦ 18 ਮਈ ਨੂੰ ਮੁਲਜ਼ਮਾਂ ਨੇ ਰੈਸਟੋਰੈਂਟ 'ਤੇ ਕਬਜ਼ਾ ਕਰ ਲਿਆ ਤੇ ਕੰਪਨੀ ਦੇ ਗਾਰਡ ‘ਤੇ ਵੀ ਹਮਲਾ ਕੀਤਾ। ਸ਼ਿਕਾਇਤ ਵਿੱਚ ਦੋਸ਼ ਲਾਉਂਦਿਆਂ ਕਿਹਾ ਕਿ ਮੁਲਜ਼ਮਾਂ ਨੇ ਇਥੋਂ ਸਾਮਾਨ ਚੋਰੀ ਕੀਤਾ, ਜਦੋਂਕਿ ਹੁਣ ਇੱਥੇ ਨਾਜਾਇਜ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਐਸਐਚਓ ਸਿਟੀ ਹਰਜਿੰਦ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਨਵਦੀਪ, ਆਦਿੱਤਿਆ, ਜਤਿੰਦਰ ਤੇ ਅਮ੍ਰਿਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਵੱਖ-ਵੱਖ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904