ਅਹਿਮਦਾਬਾਦ: ਗੁਜਰਾਤ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਇੱਕ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ ਲਈ ਹਸਪਤਾਲ ਨੂੰ ਜੁਰਮਾਨਾ ਲਾਇਆ ਹੈ। ਇਸ ਮਰੀਜ਼ ਨੂੰ ਕਿਡਨੀ ਦੀ ਪੱਥਰੀ ਦੇ ਆਪ੍ਰੇਸ਼ਨ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਪਰ ਹਸਪਤਾਲ 'ਚ ਡਾਕਟਰ ਨੇ ਉਸ ਦੀ ਕਿਡਨੀ ਕੱਢ ਦਿੱਤੀ, ਜਿਸ ਤੋਂ ਬਾਅਦ ਚਾਰ ਮਹੀਨੇ ਬਾਅਦ ਮਰੀਜ਼ ਦੀ ਮੌਤ ਹੋ ਗਈ। ਕਮਿਸ਼ਨ ਨੇ ਹਸਪਤਾਲ ਨੂੰ ਮਰੀਜ਼ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 11.23 ਲੱਖ ਅਦਾ ਕਰਨ ਦੇ ਆਦੇਸ਼ ਦਿੱਤੇ ਹਨ।


ਖਪਤਕਾਰ ਅਦਾਲਤ ਨੇ ਕਿਹਾ ਕਿ ਹਸਪਤਾਲ ਦੀ ਆਪਣੇ ਕਰਮਚਾਰੀ (ਇਸ ਕੇਸ 'ਚ ਕੰਮ ਕਰਨ ਵਾਲੇ ਡਾਕਟਰ) ਦੀ ਲਾਪ੍ਰਵਾਹੀ ਲਈ ਸਿੱਧੀ ਜਾਂ ਅਸਿੱਧੀ ਜ਼ਿੰਮੇਵਾਰੀ ਹੈ। ਅਦਾਲਤ ਨੇ ਪਾਇਆ ਕਿ ਡਾਕਟਰ ਇਸ ਗ਼ਲਤੀ ਲਈ ਜ਼ਿੰਮੇਵਾਰ ਹੈ। ਖਪਤਕਾਰ ਅਦਾਲਤ ਨੇ ਹਸਪਤਾਲ ਨੂੰ 2012 ਤੋਂ 7.5% ਵਿਆਜ ਦੇ ਨਾਲ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ।


ਜਾਣਕਾਰੀ ਅਨੁਸਾਰ ਗੁਜਰਾਤ ਤੋਂ ਸਾਹਮਣੇ ਆਏ ਇਸ ਮਾਮਲੇ 'ਚ ਖੇੜਾ ਜ਼ਿਲ੍ਹੇ ਦੇ ਵੰਘਰੋਲੀ ਪਿੰਡ ਦੇ ਦੇਵੇਂਦਰਭਾਈ ਰਾਵਲ ਪਿੱਠ ਦਰਦ ਤੇ ਪਿਸ਼ਾਬ ਦੀ ਸਮੱਸਿਆ ਕਾਰਨ ਬਾਲਾਸਿਨੋਰ ਕਸਬੇ ਦੇ ਕੇਐਮਜੀ ਜਨਰਲ ਹਸਪਤਾਲ ਦੇ ਡਾਕਟਰ ਸ਼ਿਵਭੂਏ ਪਟੇਲ ਨੂੰ ਮਿਲੇ ਸਨ। ਮਈ 2011 ਵਿੱਚ ਉਨ੍ਹਾਂ ਦੇ ਖੱਬੇ ਗੁਰਦੇ 'ਚ 14 ਮਿਲੀਮੀਟਰ ਦੀ ਪੱਥਰ ਪਾਈ ਗਈ ਸੀ। ਬਿਹਤਰ ਸਹੂਲਤਾਂ ਲਈ ਰਾਵਲ ਨੂੰ ਕਿਸੇ ਹੋਰ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਉਸੇ ਹਸਪਤਾਲ 'ਚ ਸਰਜਰੀ ਕਰਵਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ 3 ਸਤੰਬਰ 2011 ਨੂੰ ਆਪ੍ਰੇਸ਼ਨ ਕੀਤਾ ਗਿਆ ਸੀ।


ਆਪ੍ਰੇਸ਼ਨ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਕਿ ਪੱਥਰੀ ਦੀ ਬਜਾਏ ਗੁਰਦੇ ਨੂੰ ਕੱਢ ਦਿੱਤਾ ਹੈ ਤਾਂ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਡਾਕਟਰ ਨੇ ਕਿਹਾ ਕਿ ਇਹ ਮਰੀਜ਼ ਦੇ ਭਲੇ ਲਈ ਕੀਤਾ ਗਿਆ ਹੈ। ਜਦੋਂ ਦੇਵੇਂਦਰਭਾਈ ਰਾਵਲ ਨੂੰ ਪਿਸ਼ਾਬ ਲੰਘਣ 'ਚ ਵਧੇਰੇ ਸਮੱਸਿਆਵਾਂ ਹੋਣ ਲੱਗੀਆਂ ਤਾਂ ਉਨ੍ਹਾਂ ਨੂੰ ਨਾਡੀਆਡ ਦੇ ਇਕ ਕਿਡਨੀ ਹਸਪਤਾਲ 'ਚ ਸ਼ਿਫ਼ਟ ਕਰਨ ਦੀ ਸਲਾਹ ਦਿੱਤੀ ਗਈ। ਬਾਅਦ 'ਚ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਅਹਿਮਦਾਬਾਦ 'ਚ ਆਈਕੇਡੀਆਰਸੀ ਲਿਜਾਇਆ ਗਿਆ। ਉਨ੍ਹਾਂ ਨੇ 8 ਜਨਵਰੀ 2012 ਨੂੰ ਗੁਰਦੇ ਦੀ ਸਮੱਸਿਆ ਕਾਰਨ ਦਮ ਤੋੜ ਦਿੱਤਾ।


ਹਸਪਤਾਲ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਦੇਵੇਂਦਰ ਭਾਈ ਦੀ ਵਿਧਵਾ ਮੀਨਾ ਬੇਨ ਨੇ ਨਡੀਆਡ 'ਚ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਕੋਲ ਪਹੁੰਚ ਕੀਤੀ, ਜਿਸ ਨੇ 2012 'ਚ ਡਾਕਟਰ, ਹਸਪਤਾਲ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਡਾਕਟਰੀ ਅਣਗਹਿਲੀ ਲਈ ਵਿਧਵਾ ਨੂੰ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ।


ਵਿਵਾਦ ਨੂੰ ਸੁਣਨ ਤੋਂ ਬਾਅਦ ਰਾਜ ਕਮਿਸ਼ਨ ਨੇ ਪਾਇਆ ਕਿ ਹਸਪਤਾਲ 'ਚ ਇਨਡੋਰ ਤੇ ਆਊਟਡੋਰ ਮਰੀਜ਼ਾਂ ਲਈ ਇਕ ਬੀਮਾ ਪਾਲਿਸੀ ਸੀ, ਪਰ ਇਲਾਜ ਕਰਨ ਵਾਲੇ ਡਾਕਟਰ ਵੱਲੋਂ ਬੀਮਾਕਰਤਾ ਡਾਕਟਰੀ ਅਣਗਹਿਲੀ ਲਈ ਜ਼ਿੰਮੇਵਾਰ ਨਹੀਂ ਸੀ। ਸਰਜਰੀ ਸਿਰਫ਼ ਗੁਰਦੇ ਤੋਂ ਪੱਥਰੀ ਹਟਾਉਣ ਲਈ ਕੀਤੀ ਗਈ ਸੀ ਤੇ ਪੱਥਰੀ ਨੂੰ ਹਟਾਉਣ ਲਈ ਸਿਰਫ਼ ਸਹਿਮਤੀ ਲਈ ਗਈ ਸੀ, ਪਰ ਗੁਰਦਾ ਹਟਾ ਦਿੱਤਾ ਗਿਆ ਸੀ। ਇਸ ਤਰ੍ਹਾਂ ਇਹ ਡਾਕਟਰ ਤੇ ਹਸਪਤਾਲ ਦੀ ਲਾਪਰਵਾਹੀ ਦਾ ਸਪਸ਼ਟ ਮਾਮਲਾ ਹੈ।