ਨਵੀਂ ਦਿੱਲੀ: ਨੋਟਬੰਦੀ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਰਾਜ ਸਭਾ ਵਿੱਚ ਕਾਂਗਰਸ ਵੱਲੋਂ ਬੋਲੇ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਮਕਸਦ 'ਤੇ ਕੋਈ ਸਵਾਲ ਨਹੀਂ ਪਰ ਇਸ ਨੂੰ ਲਾਗੂ ਕਰਨ ਦਾ ਢੰਗ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਲਈ ਪੂਰੀ ਯੋਜਨਾ ਨਾ ਹੋਣ ਕਰਾਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਕਿ ਉਸ ਦੇਸ਼ ਦਾ ਨਾਂ ਦੱਸਣ ਜਿੱਥੇ ਪੈਸੇ ਜਮ੍ਹਾਂ ਕਰਾਏ ਜਾ ਸਕਦੇ ਹਨ ਪਰ ਕੱਢਵਾਏ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀ ਵਿਕਾਸ ਦਰ ਦੋ ਫੀਸਦੀ ਤੱਕ ਡਿੱਗ ਸਕਦੀ ਹੈ।
ਰਾਜ ਸਭਾ ਵਿੱਚ ਬੋਲਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਨੋਟਬੰਦੀ ਕਰਕੇ ਦੇਸ਼ ਵਿੱਚ 60 ਤੋਂ 65 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣਾ ਹੀ ਪੈਸਾ ਨਹੀਂ ਕੱਢਵਾ ਸਕਦੇ। ਉਹ ਜ਼ਰੂਰੀ ਕੰਮਾਂ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੋਟਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਲੁੱਟ ਵਾਂਗ ਹੈ। ਇਸ ਨਾਲ ਦੋ ਫੀਸਦੀ ਵਿਕਾਸ ਦਰ ਹੇਠਾਂ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਦੇ ਕੀ ਫਾਇਦੇ ਹੋਣਗੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਵਾਰ-ਵਾਰ ਨਿਯਮ ਬਦਲੇ ਹਨ। ਇਸ ਤੋਂ ਸਪਸ਼ਟ ਹੈ ਕਿ ਪੀ.ਐਮ.ਓ., ਵਿੱਚ ਮੰਤਰਾਲੇ ਤੇ ਆਰ.ਬੀ.ਆਈ. ਕੋਲ ਕੋਈ ਪੁਖਤਾ ਯੋਜਨਾ ਨਹੀਂ ਸੀ ਤੇ ਸਰਕਾਰ ਇਸ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋੀ ਹੈ।