Jammu-Kashmir Earthquake News: ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਮੰਗਲਵਾਰ (20 ਅਗਸਤ) ਦੀ ਸਵੇਰ ਨੂੰ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ। ਜੰਮੂ-ਕਸ਼ਮੀਰ 'ਚ ਭੂਚਾਲ ਦੇ ਦੋ ਝਟਕਿਆਂ ਨੇ ਘਾਟੀ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਕਟਰ ਪੈਮਾਨੇ 'ਤੇ ਪਹਿਲੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ, ਜਦੋਂ ਕਿ ਦੂਜੇ ਭੂਚਾਲ ਦੀ ਤੀਬਰਤਾ 4.6 ਸੀ। ਹੁਣ ਤੱਕ ਦੋ ਸ਼ਕਤੀਸ਼ਾਲੀ ਭੂਚਾਲਾਂ ਕਰਕੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਲੋਕਾਂ ਵਿੱਚ ਡਰ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਹੈ।



ਦਰਅਸਲ, ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਭੂਚਾਲ ਦਾ ਪਹਿਲਾ ਝਟਕਾ ਲੱਗਦਾ ਹੈ ਤਾਂ ਉਸ ਦੇ ਨਾਲ-ਨਾਲ ਆਫਟਰ ਸ਼ਾੱਕ ਵੀ ਮਹਿਸੂਸ ਕੀਤਾ ਜਾਂਦਾ ਹੈ, ਜਿਸ ਦੀ ਤੀਬਰਤਾ ਘੱਟ ਹੁੰਦੀ ਹੈ। ਸਰਲ ਭਾਸ਼ਾ ਵਿੱਚ, ਭੂਚਾਲ ਦਾ ਪਹਿਲਾ ਝਟਕਾ ਇੱਕ ਜ਼ੋਰਦਾਰ ਤਰੀਕੇ ਨਾਲ ਆਉਂਦਾ ਹੈ, ਜਿਸ ਤੋਂ ਬਾਅਦ ਦੂਜਾ ਝਟਕਾ ਥੋੜ੍ਹਾ ਘੱਟ ਤੀਬਰਤਾ ਵਾਲਾ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ 'ਚ ਭੂਚਾਲ ਦੌਰਾਨ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਹੋਏ ਲੋਕ ਘਰਾਂ ਤੋਂ ਬਾਹਰ ਨਿਕਲਦੇ ਵੀ ਦੇਖੇ ਗਏ। ਲੋਕਾਂ ਦੇ ਚਿਹਰਿਆਂ 'ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ।







'ਮੈਟ੍ਰੋਲਾਜੀਕਲ ਸੈਂਟਰ', ਸ਼੍ਰੀਨਗਰ ਦੇ ਅਨੁਸਾਰ, ਭੂਚਾਲ ਮੰਗਲਵਾਰ ਸਵੇਰੇ 6.45 ਵਜੇ ਆਇਆ। ਇਸ ਦਾ ਕੇਂਦਰ ਉੱਤਰੀ ਕਸ਼ਮੀਰ ਦਾ ਬਾਰਾਮੂਲਾ ਜ਼ਿਲ੍ਹਾ ਸੀ, ਜਿੱਥੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕਿਆਂ ਦਾ ਅਸਰ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਦੇਖਣ ਨੂੰ ਮਿਲਿਆ। ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਹਿਲਾ ਕੇ ਰੱਖਣ ਤੋਂ ਇਲਾਵਾ ਇਸ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਪਾਕਿਸਤਾਨ ਤੋਂ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।







ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਘਰਾਂ ਦੇ ਪੱਖੇ ਹਿੱਲਣ ਲੱਗ ਪਏ। ਲੋਕਾਂ ਨੇ ਆਪਣੀਆਂ ਅਲਮਾਰੀਆਂ ਵਿੱਚ ਰੱਖੀਆਂ ਚੀਜ਼ਾਂ ਨੂੰ ਵੀ ਹਿਲਦਾ ਦੇਖਿਆ। ਜੰਮੂ-ਕਸ਼ਮੀਰ ਦੇ ਪੁੰਛ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਭੂਚਾਲ ਕਾਰਨ ਇਕ ਪੱਖਾ ਤੇਜ਼ੀ ਨਾਲ ਹਿੱਲਦਾ ਦੇਖਿਆ ਜਾ ਸਕਦਾ ਹੈ। ਜੰਮੂ-ਕਸ਼ਮੀਰ ਵਿੱਚ ਇੱਕ ਮਹੀਨੇ ਵਿੱਚ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਬਾਰਾਮੂਲਾ 'ਚ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।