ED Raids : ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ-ਈਡੀ ਨੇ ਸ਼ਨੀਵਾਰ ਨੂੰ ਕੋਲਕਾਤਾ ਵਿੱਚ ਛਾਪਾ ਮਾਰਿਆ। ਇਹ ਛਾਪੇਮਾਰੀ ਮੋਬਾਈਲ ਗੇਮਿੰਗ ਐਪਲੀਕੇਸ਼ਨ ਆਪਰੇਟਰਾਂ ਦੇ ਛੇ ਟਿਕਾਣਿਆਂ 'ਤੇ ਮਾਰੇ ਗਏ ਹਨ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀਐਮਐਲਏ ਤਹਿਤ ਕੀਤੀ ਹੈ। ਛਾਪੇਮਾਰੀ ਦੌਰਾਨ ਹੁਣ ਤੱਕ 12 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।  ਇਹ ਖ਼ਬਰ ਲਿਖੇ ਜਾਣ ਤੱਕ ਬਰਾਮਦ ਹੋਈ ਨਕਦੀ ਦੀ ਗਿਣਤੀ ਜਾਰੀ ਸੀ।


ਛੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
  


ਈਡੀ ਨੇ ਗੇਮਿੰਗ ਐਪ ਦੇ ਸੰਚਾਲਕਾਂ ਦੇ 6 ਟਿਕਾਣਿਆਂ 'ਤੇ ਕਾਰਵਾਈ ਕੀਤੀ ਹੈ। ਈਡੀ ਦੀਆਂ ਟੀਮਾਂ ਛਾਪੇਮਾਰੀ ਲਈ ਸ਼ਨੀਵਾਰ ਸਵੇਰੇ ਸਾਲਟ ਲੇਕ ਏਜੰਸੀ ਦੇ ਕੇਂਦਰੀ ਸਰਕਾਰੀ ਦਫ਼ਤਰ ਦੇ ਅਹਾਤੇ ਤੋਂ ਨਿਕਲੀਆਂ। ਟੀਮ ਦੇ ਨਾਲ ਕੇਂਦਰੀ ਹਥਿਆਰਬੰਦ ਬਲਾਂ ਦੇ ਜਵਾਨ ਵੀ ਸਨ। ਇਸ ਛਾਪੇਮਾਰੀ ਵਿੱਚ ਈਡੀ ਨੂੰ ਚੰਗੀ ਮਾਤਰਾ ਵਿੱਚ ਨਕਦੀ ਮਿਲੀ ਹੈ। ਇਹ ਨਕਦੀ ਇੰਨੀ ਜ਼ਿਆਦਾ ਹੈ ਕਿ ਹੁਣ ਤੱਕ ਈਡੀ ਦੀ ਟੀਮ ਇਸ ਦੀ ਗਿਣਤੀ ਕਰਨ 'ਚ ਲੱਗੀ ਹੋਈ ਹੈ। ਇਸ 'ਚ 500 ਤੋਂ 2000 ਦੇ ਨੋਟਾਂ ਦੀ ਗਿਣਤੀ ਅਜੇ ਬਾਕੀ ਹੈ। ਈਡੀ ਅਧਿਕਾਰੀਆਂ ਮੁਤਾਬਕ ਨਕਦੀ ਦੀ ਗਿਣਤੀ ਅਜੇ ਵੀ ਜਾਰੀ ਹੈ।

ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰਤ ਬਿਆਨ ਮੁਤਾਬਕ ਆਮਿਰ ਖਾਨ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਮਿਰ ਨੇ ਗੇਮਿੰਗ ਐਪਲੀਕੇਸ਼ਨ ਈ-ਨਗੇਟਸ ਬਣਾਈ ਸੀ। ਪਹਿਲਾਂ ਲੋਕਾਂ ਨੂੰ ਇਸ ਰਾਹੀਂ ਕਮਿਸ਼ਨ ਦਿੱਤਾ ਜਾਂਦਾ ਸੀ। ਇਸ ਦੇ ਆਧਾਰ 'ਤੇ ਖਾਨ ਨੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। 

 

ਕੋਲਕਾਤਾ ਪੁਲਿਸ ਦੁਆਰਾ 15 ਫਰਵਰੀ 2021 ਨੂੰ ਆਮਿਰ ਅਤੇ ਹੋਰਾਂ ਦੇ ਖਿਲਾਫ ਐਫਆਈਆਰ ਨੰਬਰ-30 ਆਈਪੀਸੀ ਦੀਆਂ ਧਾਰਾਵਾਂ 420, 406, 409, 468, 469, 471, 34 ਦੇ ਤਹਿਤ ਪਾਰਕ ਸਟਰੀਟ ਥਾਣੇ ਵਿੱਚ ਦਰਜ ਕੀਤੀ ਗਈ ਸੀ। ਈਡੀ ਅਧਿਕਾਰੀਆਂ ਮੁਤਾਬਕ ਆਮਿਰ ਖ਼ਿਲਾਫ਼ ਇਹ ਐਫਆਈਆਰ ਫੈਡਰਲ ਬੈਂਕ ਦੇ ਅਧਿਕਾਰੀਆਂ ਵੱਲੋਂ ਅਦਾਲਤ ਵਿੱਚ ਦਾਇਰ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਫੈਡਰਲ ਬੈਂਕ ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਲ ਐਲਡੀ ਦੀ ਅਦਾਲਤ ਵਿੱਚ ਇਹ ਸ਼ਿਕਾਇਤ ਕੀਤੀ ਸੀ।

 ਕੀ ਹੈ ਪੂਰਾ ਮਾਮਲਾ 

ਨੇਸਰ ਅਹਿਮਦ ਖਾਨ ਦੇ ਬੇਟੇ ਆਮਿਰ ਖਾਨ ਨੇ ਈ-ਨਗੇਟਸ ਨਾਮ ਦੀ ਇੱਕ ਮੋਬਾਈਲ ਗੇਮਿੰਗ ਐਪਲੀਕੇਸ਼ਨ ਲਾਂਚ ਕੀਤੀ। ਇਸਨੂੰ ਜਨਤਾ ਨੂੰ ਧੋਖਾ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ। ਸ਼ੁਰੂਆਤੀ ਦੌਰ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕਮਿਸ਼ਨ ਨਾਲ ਨਿਵਾਜਿਆ ਗਿਆ। ਫਿਰ ਇਹ ਕਮਿਸ਼ਨ ਅਤੇ ਇਨਾਮ ਇਸ ਦੇ ਬਾਲੇਟ ਵਿੱਚੋਂ ਆਸਾਨੀ ਨਾਲ ਕੱਢਿਆ ਜਾ ਸਕਦਾ ਸੀ। ਇਸ ਤਰ੍ਹਾਂ ਇਸ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਵਿਸ਼ਵਾਸ ਸਥਾਪਿਤ ਹੋ ਗਿਆ। ਲੋਕਾਂ ਨੇ ਵਧੇ ਹੋਏ ਕਮਿਸ਼ਨ ਨੂੰ ਪ੍ਰਾਪਤ ਕਰਨ ਲਈ ਐਪ ਵਿੱਚ ਵੱਧ ਪੈਸੇ ਅਤੇ ਵੱਧ ਗਿਣਤੀ ਵਿੱਚ ਖਰੀਦ ਆਰਡਰ ਬੁੱਕ ਕਰਵਾਉਣੇ ਸ਼ੁਰੂ ਕਰ ਦਿੱਤੇ।

 

ਸ ਬਹਾਨੇ ਇਸ ਐਪ ਨੇ ਲੋਕਾਂ ਤੋਂ ਚੰਗੀ ਰਕਮ ਵਸੂਲੀ ਹੈ। ਇਸ ਤੋਂ ਬਾਅਦ ਅਚਾਨਕ ਐਪ ਨੇ ਕਿਸੇ ਨਾ ਕਿਸੇ ਬਹਾਨੇ ਲੋਕਾਂ ਦੇ ਬਾਲੇਟ ਤੋਂ ਪੈਸੇ ਕਢਵਾਉਣੇ 'ਤੇ ਰੋਕ ਲਗਾ ਦਿੱਤੀ। ਇਨ੍ਹਾਂ ਬਹਾਨੇ ਸਿਸਟਮ ਅਪਗ੍ਰੇਡੇਸ਼ਨ ਅਤੇ ਕਈ ਵਾਰ ਐੱਲ.ਈ.ਏ.ਚੈੱਕ ਵਰਗੇ ਬਹਾਨੇ ਸ਼ਾਮਲ ਸਨ। ਈਡੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਐਪ ਸਰਵਰ ਤੋਂ ਪ੍ਰੋਫਾਈਲ ਜਾਣਕਾਰੀ ਸਮੇਤ ਸਾਰਾ ਡਾਟਾ ਮਿਟਾ ਦਿੱਤਾ ਗਿਆ। ਉਦੋਂ ਹੀ ਇਸ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਸ ਚਾਲ ਦੀ ਸਮਝ ਆਈ। ਸਰਚ ਆਪਰੇਸ਼ਨ ਦੌਰਾਨ ਦੇਖਿਆ ਗਿਆ ਕਿ ਇਹ ਸੰਸਥਾਵਾਂ ਫਰਜ਼ੀ ਖਾਤਿਆਂ ਦੀ ਵਰਤੋਂ ਕਰ ਰਹੀਆਂ ਸੀ।

ਕਿੱਥੇ ਗਈ ED ਦੀ ਟੀਮ ?

ਪਹਿਲੀ ਟੀਮ ਪਾਰਕ ਸਟਰੀਟ ਥਾਣਾ ਖੇਤਰ ਦੇ 34 ਮੈਕਲਿਓਡ ਸਟਰੀਟ ਸਥਿਤ ਵਕੀਲ ਦੇ ਘਰ ਪਹੁੰਚੀ। ਦੂਸਰੀ ਟੀਮ ਗਾਰਡਨ ਰੀਚ ਸਥਿਤ ਸ਼ਾਹੀ ਅਸਟੇਬਲ ਲੇਨ ਦੇ ਵਪਾਰੀ ਨਿਸਾਰ ਅਲੀ ਦੇ ਘਰ ਛਾਪਾ ਮਾਰਨ ਪਹੁੰਚੀ, ਜਿੱਥੇ ਉਨ੍ਹਾਂ ਨੇ ਭਾਰੀ ਮਾਤਰਾ ਵਿੱਚ ਨਕਦੀ ਜ਼ਬਤ ਕੀਤੀ। ਇਹ ਨੋਟ ਇੱਥੇ ਇੱਕ ਵੱਡੇ ਟਰੰਕ ਵਿੱਚ ਰੱਖੇ ਹੋਏ ਸਨ। ਨੋਟ ਇੰਨੇ ਜ਼ਿਆਦਾ ਸਨ ਕਿ ਈਡੀ ਨੂੰ ਇਨ੍ਹਾਂ ਨੂੰ ਗਿਣਨ ਲਈ ਮਸ਼ੀਨ ਮੰਗਵਾਉਣੀ ਪਈ। ਈਡੀ ਨੂੰ ਵਪਾਰੀ ਕੋਲ ਇਸ ਨਕਦੀ ਦੇ ਸਰੋਤ ਬਾਰੇ ਕੋਈ ਜਾਇਜ਼ ਜਾਣਕਾਰੀ ਨਹੀਂ ਮਿਲੀ। ਖ਼ਬਰ ਲਿਖੇ ਜਾਣ ਤੱਕ ਈਡੀ ਦੀ ਤਲਾਸ਼ੀ ਮੁਹਿੰਮ ਜਾਰੀ ਸੀ। ਈਡੀ ਦੀ ਤੀਜੀ ਟੀਮ ਫਿਲਹਾਲ ਮਯੂਰਭੰਜ ਇਲਾਕੇ 'ਚ ਛਾਪੇਮਾਰੀ ਕਰ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੋਲਕਾਤਾ ਵਿੱਚ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਤੀਜੀ ਨਕਦੀ ਜ਼ਬਤ ਹੈ। ਈਡੀ ਨੇ ਈ-ਨਗੇਟਸ ਮੋਬਾਈਲ ਗੇਮਿੰਗ ਐਪ ਧੋਖਾਧੜੀ ਨਾਲ ਸਬੰਧਤ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।