ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤੇ ਗਏ 6 ਕਥਿਤ ਅੱਤਵਾਦੀਆਂ ਵਿੱਚੋਂ 4 ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਪੇਸ਼ੀ ਤੋਂ ਬਾਅਦ ਚਾਰਾਂ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਦਿੱਲੀ ਪੁਲਿਸ ਦੀ ਟੀਮ ਅੱਜ ਦੁਪਹਿਰ 2 ਹੋਰ ਕਥਿਤ ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕਰੇਗੀ।


ਦੱਸ ਦਈਏ ਕਿ ਦਿੱਲੀ ਪੁਲਿਸ ਨੇ ਕਥਿਤ ਤੌਰ 'ਤੇ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ 2 ਅੱਤਵਾਦੀਆਂ ਨੇ ਪਾਕਿਸਤਾਨ 'ਚ ਟ੍ਰੇਨਿੰਗ ਲਈ ਸੀ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਦਿੱਲੀ ਪੁਲਿਸ ਨੂੰ ਅੱਤਵਾਦੀਆਂ ਬਾਰੇ ਮਿਲੀ ਸੀ ਗੁਪਤ ਸੂਚਨਾ


ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਦੇ ਕੁਝ ਅੱਤਵਾਦੀ ਦਿੱਲੀ ਅਤੇ ਨੇੜਲੇ ਇਲਾਕਿਆਂ 'ਚ ਧਮਾਕੇ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਨਿਸ਼ਾਨਾ ਭੀੜ-ਭੜੱਕੇ ਵਾਲੀਆਂ ਥਾਵਾਂ ਹਨ।


ਸੂਚਨਾ ਮਿਲਦੇ ਹੀ ਪੁਲਿਸ ਟੀਮ ਸਰਗਰਮ ਹੋ ਗਈ ਅਤੇ 2 ਅੱਤਵਾਦੀਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ 4 ਹੋਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਅੱਤਵਾਦੀਆਂ ਕੋਲੋਂ ਵਿਸਫ਼ੋਟਕ ਤੇ ਹਥਿਆਰ ਬਰਾਮਦ


ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ ਵਿਸਫ਼ੋਟਕ ਸਮੱਗਰੀ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਡੀਸੀਪੀ ਸਪੈਸ਼ਲ ਸੈੱਲ ਪ੍ਰਮੋਦ ਕੁਮਾਰ ਕੁਸ਼ਵਾਹਾ ਨੇ ਕਿਹਾ, "ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਪਾਕਿਸਤਾਨ ਸਮਰਥਿਤ ਅੱਤਵਾਦੀ ਮੋਡੀਊਲ ਦਾ ਪਰਦਾਫ਼ਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ 2 ਅੱਤਵਾਦੀਆਂ ਨੇ ਪਾਕਿਸਤਾਨ ਤੋਂ ਟ੍ਰੇਨਿੰਗ ਲਈ ਹੈ।


ਵਿਸ਼ੇਸ਼ ਸੀਪੀ ਨੀਰਜ ਠਾਕੁਰ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਅੱਤਵਾਦ ਵਿਰੁੱਧ ਮੁਹਿੰਮ 'ਚ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਲਟੀਸਟੇਟ ਆਪਰੇਸ਼ਨ 'ਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸਮੀਰ, ਲਾਲਾ, ਜ਼ੀਸ਼ਾਨ ਕਮਰ, ਓਸਾਮਾ, ਜਾਨ ਮੁਹੰਮਦ ਅਲੀ ਸ਼ੇਖ ਤੇ ਮੁਹੰਮਦ ਅਬੂ ਬਕਰ ਵਜੋਂ ਹੋਈ ਹੈ।